ਇੰਦਰਪ੍ਰੀਤ ਸਿੰਘ, ਚੰਡੀਗੜ੍ਹ: ਖ਼ਾਲਿਸਤਾਨ ਹਮਾਇਤੀ ਤੇ ਵੱਖਵਾਦੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਮਰਥਕਾਂ ’ਤੇ ਕਾਰਵਾਈ ਨੂੰ ਲੈ ਕੇ ਪੁਲਿਸ ਵੱਲੋਂ ਸ਼ਨਿਚਰਵਾਰ ਨੂੰ ਚਲਾਏ ਗਏ ਆਪ੍ਰੇਸ਼ਨ ਦਾ ਖ਼ਾਕਾ ਪਹਿਲਾਂ ਤੋਂ ਹੀ ਤਿਆਰ ਕਰ ਲਿਆ ਗਿਆ ਸੀ। ਸੂਬਾ ਸਰਕਾਰ ਸਿਰਫ਼ 15 ਤੋਂ 17 ਮਾਰਚ ਤੱਕ ਅੰਮ੍ਰਿਤਸਰ ਵਿਚ ਹੋਣ ਵਾਲੀਆਂ ਜੀ-20 ਸਿਖ਼ਰ ਸੰਮੇਲਨ ਦੀਆਂ ਮੀਟਿੰਗਾਂ ਖ਼ਤਮ ਹੋਣ ਦੀ ਉਡੀਕ ਕਰ ਰਹੀਆਂ ਸਨ। 17 ਮਾਰਚ ਨੂੰ ਇਹ ਮੀਟਿੰਗਾਂ ਖ਼ਤਮ ਹੁੰਦੇ ਹੀ ਪੁਲਿਸ ਨੇ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਸੂਬੇ ਦੀਆਂ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇੰਟਰਨੈੱਟ ਬੰਦ ਕਰਨ ਸਬੰਧੀ ਗ੍ਰਹਿ ਵਿਭਾਗ ਤੋਂ ਹੁਕਮ ਇਕ ਦਿਨ ਪਹਿਲਾਂ 17 ਮਾਰਚ ਨੂੰ ਹੀ ਲੈ ਲਏ ਗਏ ਸਨ ਤੇ ਇਹ ਐਤਵਾਰ ਦੁਪਹਿਰ 12 ਵਜੇ ਤੱਕ ਲਾਗੂ ਰਹਿਣਗੇ। ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਹਾਲਾਤ ਆਮ ਵਾਂਗ ਨਾ ਰਹੇ ਤਾਂ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਵੀ ਇਸ ਆਪ੍ਰੇਸ਼ਨ ’ਤੇ ਪੂਰੀ ਨਜ਼ਰ ਰੱਖੀ ਹੋਈ ਹੈ।

ਪੁਲਿਸ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਨੂੰ ਗਿ੍ਰਫ਼ਤਾਰ ਕਰਨ ਦੀ ਕਾਰਵਾਈ ਸਬੰਧੀ ਤਿਆਰੀ ਉਸੇ ਸਮੇਂ ਸ਼ੁਰੂ ਹੋ ਗਈ ਸੀ ਜਦੋਂ 3 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਵਿਚ ਉਨ੍ਹਾਂ ਨਾਲ ਡੀਜੀਪੀ ਗੌਰਵ ਯਾਦਵ ਵੀ ਸਨ। ਅਮਿਤ ਸ਼ਾਹ ਨੇ ਅਜਨਾਲਾ ਕਾਂਡ ਨੂੰ ਲੈ ਕੇ ਪੁਲਿਸ ਕਾਰਵਾਈ ’ਤੇ ਨਾਖ਼ੁਸ਼ੀ ਜ਼ਾਹਰ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੇ ਕੇਂਦਰੀ ਸੁਰੱਖਿਆ ਦੀ ਮੰਗ ਕਰਨ ’ਤੇ ਸ਼ਾਹ ਨੇ 18 ਕੰਪਨੀਆਂ ਦੇਣ ’ਤੇ ਸਹਿਮਤੀ ਜਤਾਈ ਸੀ। ਕਿਹਾ ਗਿਆ ਸੀ ਕਿ ਇਹ ਸੁਰੱਖਿਆ ਮੁਲਾਜ਼ਮ ਹੋਲਾ ਮਹੱਲਾ ਤੇ ਜੀ-20 ਨੂੰ ਦੇਖਦੇ ਹੋਏ ਲਈ ਗਈ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਜੀ-20 ਮੀਟਿੰਗਾਂ ਖ਼ਤਮ ਹੋਣ ਦੇ ਤੁਰੰਤ ਬਾਅਦ ਹੀ ਅੰਮ੍ਰਿਤਪਾਲ ਨੂੰ ਗਿ੍ਰਫ਼ਤਾਰ ਕਰਨ ਦੀ ਕਾਰਵਾਈ ਅਮਲ ਵਿਚ ਲਿਆਉਣ ਲਈ ਤਿਆਰ ਸਨ।

---

ਵਿਰੋਧੀ ਧਿਰ ਕਰ ਰਹੀ ਕਾਰਵਾਈ ਦੀ ਸ਼ਲਾਘਾ

ਦਿਲਚਸਪ ਗੱਲ ਇਹ ਹੈ ਕਿ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਦੋ ਹਿੱਸਿਆਂ ’ਚ ਲਈ ਇੰਟਰਵਿਊ ਨੂੰ ਲੈ ਕੇ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆਈ ਭਗਵੰਤ ਮਾਨ ਸਰਕਾਰ ਤੇ ਪੰਜਾਬ ਪੁਲਿਸ ਦੀ ਅੱਜ ਵਿਰੋਧੀ ਧਿਰ ਦੇ ਆਗੂ ਹੀ ਸ਼ਲਾਘਾ ਕਰ ਰਹੇ ਹਨ। ਸਾਬਕਾ ਗ੍ਰਹਿ ਮੰਤਰੀ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਪਾਲ ’ਤੇ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ ਸਵਾਗਤ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਦੇਰੀ ਨਾਲ ਹੀ ਸਹੀ ਪਰ ਪੁਲਿਸ ਵੱਲੋਂ ਕਾਰਵਾਈ ਤਾਂ ਕੀਤੀ ਗਈ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਤੇ ਅਫਵਾਹਾਂ ਤੋਂ ਬਚਣ ਨੂੰ ਕਿਹਾ। ਉਧਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੰਮ੍ਰਿਤਪਾਲ ’ਤੇ ਹਮਲਾ ਕਰਦਿਆਂ ਕਿਹਾ ਕਿ ਗੁਰੂ ਦੇ ਸੱਚੇ ਸਿੱਖ ਭੱਜਦੇ ਨਹੀਂ ਹਨ। ਭਾਵੇਂ ਮਜਬੂਰੀ ਵਿਚ ਹੀ ਸਹੀ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਮੂਹ ਪੰਜਾਬੀਆਂ ਨੂੰ ਉਨ੍ਹਾਂ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਸਰਕਾਰ ਤੇ ਪੁਲਿਸ ਦੀ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਦੇਸ਼ ਦਾ ਦੁਸ਼ਮਣ ਹੈ ਤੇ ਇਸ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹ ਦੀਪ ਸਿੱਧੂ ਨੂੰ ਸ਼ਹੀਦ ਦੱਸ ਰਿਹਾ ਹੈ ਜਦਕਿ ਉਸ ਦੀ ਮੌਤ ਇਕ ਸੜਕ ਹਾਦਸੇ ਵਿਚ ਹੋਈ ਸੀ। ਇਹ ਸਾਡੇ ਸ਼ਹੀਦਾਂ ਦਾ ਅਪਮਾਨ ਹੈ ਜਿਨ੍ਹਾਂ ਨੇ ਦੇਸ਼ ਲਈ ਜਾਨ ਦਿੱਤੀ। ਸ਼੍ਰੋਮਣੀ ਅਕਾਲੀ ਦਲ ਨੇ ਇਸ ਆਪ੍ਰੇਸ਼ਨ ਨੂੰ ਪੀਆਰ ਅਭਿਆਸ ਦੱਸਿਆ। ਪਾਰਟੀ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ ਨੂੰ ਫੜਨਾ ਹੀ ਸੀ ਤਾਂ ਘੇਰਾ ਪਾ ਕੇ ਫੜ ਲੈਂਦੇ, ਪੂਰਾ ਦਿਨ ਗੱਡੀਆਂ ਕਿਉ ਦਨਦਨਾਉਂਦੀਆਂ ਰਹੀਆਂ।

Posted By: Sandip Kaur