ਅੰਕੁਰ, ਚੰਡੀਗੜ੍ਹ : ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਜ਼ਿਲ੍ਹਾ ਅਦਾਲਤ 'ਚ ਦਾਇਰ ਪਟੀਸ਼ਨ 'ਤੇ ਮੰਗਲਵਾਰ ਨੂੰ ਸੁਣਵਾਈ ਹੋਈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 3 ਮਾਰਚ ਤੈਅ ਕੀਤੀ ਹੈ। ਪੰਜਾਬੀ ਅਦਾਕਾਰਾ ਉਪਾਸਨਾ ਸਿੰਘ ਨੇ 4 ਅਗਸਤ 2022 ਨੂੰ ਅਦਾਲਤ ਵਿੱਚ ਹਰਨਾਜ਼ ਖ਼ਿਲਾਫ਼ ਕੇਸ ਦਾਇਰ ਕੀਤਾ ਸੀ। ਇਸ ਮਾਮਲੇ 'ਚ ਹਰਨਾਜ਼ ਤੋਂ ਇਲਾਵਾ 13 ਹੋਰ ਲੋਕਾਂ ਨੂੰ ਵੀ ਧਿਰ ਬਣਾਇਆ ਗਿਆ ਹੈ। ਉਪਾਸਨਾ ਦੇ ਵਕੀਲ ਕਰਨ ਸਚਦੇਵਾ ਨੇ ਦੱਸਿਆ ਕਿ ਮੰਗਲਵਾਰ ਨੂੰ ਹੋਈ ਸੁਣਵਾਈ ਦੌਰਾਨ ਹਰਨਾਜ਼ ਸੰਧੂ ਦੀ ਤਰਫੋਂ ਜਵਾਬ ਦੇਣ ਲਈ ਕੋਈ ਵੀ ਅਦਾਲਤ 'ਚ ਪੇਸ਼ ਨਹੀਂ ਹੋਇਆ, ਜਿਸ ਕਾਰਨ ਸੁਣਵਾਈ ਅੱਜ ਤੱਕ ਮੁਲਤਵੀ ਕਰ ਦਿੱਤੀ ਗਈ।
ਉਪਾਸਨਾ ਸਿੰਘ ਨੇ ਦੋਸ਼ ਲਾਇਆ ਸੀ ਕਿ ਉਹ ਪੰਜਾਬੀ ਫਿਲਮ 'ਬਾਈ ਜੀ ਕੁੱਟਣਗੇ' ਦਾ ਨਿਰਮਾਣ ਕਰ ਰਹੀ ਸੀ । ਹਰਨਾਜ਼ ਸੰਧੂ ਨੇ ਫਿਲਮ ਵਿੱਚ ਮੁੱਖ ਅਦਾਕਾਰਾ ਵਜੋਂ ਕੰਮ ਕਰਨ ਲਈ ਇਕਰਾਰਨਾਮਾ ਸਾਈਨ ਕੀਤਾ ਸੀ, ਪਰ ਜਦੋਂ ਹਰਨਾਜ਼ 2021 ਵਿੱਚ ਮਿਸ ਯੂਨੀਵਰਸ ਬਣੀ ਤਾਂ ਉਸਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਇਕਰਾਰਨਾਮੇ ਅਨੁਸਾਰ ਹਰਨਾਜ਼ ਨੇ ਕੀਤੇ ਸਮਝੌਤੇ ਨੂੰ ਪੂਰਾ ਨਹੀਂ ਕੀਤਾ। ਉਪਾਸਨਾ ਸਿੰਘ ਨੇ ਦੋਸ਼ ਲਾਇਆ ਕਿ ਹਰਨਾਜ਼ ਕੌਰ ਸੰਧੂ ਕਾਰਨ ਉਸ ਨੂੰ ਬਹੁਤ ਦੁੱਖ ਹੋਇਆ ਹੈ। ਇਸੇ ਲਈ ਉਪਾਸਨਾ ਸਿੰਘ ਨੇ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਹਰਨਾਜ਼ ਕੌਰ ਸੰਧੂ ਖ਼ਿਲਾਫ਼ ਇੱਕ ਕਰੋੜ ਰੁਪਏ ਦੇ ਮੁਆਵਜ਼ੇ ਲਈ ਕੇਸ ਦਾਇਰ ਕੀਤਾ ਸੀ।
ਉਪਾਸਨਾ ਸਿੰਘ ਅਨੁਸਾਰ ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਅਤੇ ਨਿਰਮਾਤਾਵਾਂ ਨੇ ਵੀ ਹਰਨਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਭ ਅਸਫਲ ਰਹੇ। ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਬਣਨ ਤੋਂ ਬਾਅਦ ਉਸ ਨੇ ਇਕ ਵੀ ਮੇਲ ਜਾਂ ਮੈਸੇਜ ਦਾ ਜਵਾਬ ਨਹੀਂ ਦਿੱਤਾ। ਫਿਲਮ ਅਤੇ ਇਸਦੇ ਵਿਤਰਕਾਂ ਨੂੰ ਨੁਕਸਾਨ ਹੋਇਆ ਹੈ। ਫਿਲਮ ਦੀ ਰਿਲੀਜ਼ ਡੇਟ ਵੀ ਟਾਲਣੀ ਪਈ। ਫਿਲਮ ਦੀ ਦੇਰੀ ਕਾਰਨ ਫਿਲਮ ਦੀ ਕਾਸਟ ਅਤੇ ਕਰੂ ਨੂੰ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਨ੍ਹਾਂ ਦਾ ਅਕਸ ਖਰਾਬ ਹੋਇਆ।
ਉਪਾਸਨਾ ਨੇ ਦੋਸ਼ ਲਾਇਆ ਸੀ ਕਿ ਉਹ ਬਤੌਰ ਨਿਰਮਾਤਾ ਪੰਜਾਬੀ ਵਿੱਚ ਆਪਣੀ ਪਹਿਲੀ ਫ਼ਿਲਮ ਬਣਾਉਣਾ ਚਾਹੁੰਦੀ ਹੈ, ਪਰ ਹਰਨਾਜ਼ ਸੰਧੂ ਨੂੰ ਪੰਜਾਬੀ ਇੰਡਸਟਰੀ ਛੋਟੀ ਲੱਗਦੀ ਹੈ। ਉਸ ਨੂੰ ਲੱਗਦਾ ਹੈ ਕਿ ਉਹ ਸਿਰਫ ਬਾਲੀਵੁੱਡ ਅਤੇ ਹਾਲੀਵੁੱਡ ਪ੍ਰੋਜੈਕਟਾਂ ਲਈ ਬਣੀ ਹੈ। ਹਰਨਾਜ਼ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਕਿੱਥੋਂ ਆਈ ਹੈ। ਉਸ ਨੂੰ ਪੰਜਾਬੀ ਫਿਲਮਾਂ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
Posted By: Jagjit Singh