ਗੁਰਮੁੱਖ ਵਾਲੀਆ, ਐੱਸਏਐੱਸ ਨਗਰ : ਥਾਣਾ ਮਟੌਰ ਦੇ ਅਧਿਕਾਰ ਖੇਤਰ 'ਚ ਪੈਂਦੇ ਸੈਕਟਰ 70/71 ਦੀ ਡਿਵਾਈਡਰ ਰੋਡ 'ਤੇ ਲੱਗੇ ਦਰੱਖਤ ਨਾਲ ਲਟਕ ਕੇ 45 ਸਾਲ ਦੇ ਵਿਅਕਤੀ ਨੇ ਫਾਹਾ ਲੈ ਲਿਆ। ਉਸ ਦੀ ਪਛਾਣ ਹੋਰੀ ਲਾਲ ਵਾਸੀ ਪਿੰਡ ਮਟੌਰ ਵਜੋਂ ਹੋਈ ਹੈ, ਜੋ ਕਿ ਕੋਹੜ ਦੀ ਬਿਮਾਰੀ ਨਾਲ ਪਿਛਲੇ ਤਿੰਨ ਸਾਲਾਂ ਤੋਂ ਪਰੇਸ਼ਾਨ ਸੀ। ਜਾਂਚ ਅਧਿਕਾਰੀ ਏੇਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਮਹਾਵੀਰ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਸਿਵਲ ਹਸਪਤਾਲ ਫੇਜ਼-6 'ਚ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

ਜਾਂਚ ਅਧਿਕਾਰੀ ਏਐੱਸਆਈ ਲਖਵਿੰਦਰ ਸਿੰਘ ਅਨੁਸਾਰ ਮਿ੍ਤਕ ਦੇ ਭਾਈ ਮਹਾਵੀਰ ਨੇ ਦੱਸਿਆ ਕਿ ਹੋਰੀ ਲਾਲ ਆਪਣੀ ਬਿਮਾਰੀ ਤੋਂ ਕਾਫੀ ਪਰੇਸ਼ਾਨ ਸੀ। ਵੀਰਵਾਰ ਰਾਤ ਉਹ ਕਿਸ ਵੇਲੇ ਘਰੋਂ ਨਿਕਲ ਗਿਆ, ਉਨ੍ਹਾਂ ਨੂੰ ਨਹੀਂ ਪਤਾ ਲੱਗਾ ਤੇ ਖ਼ੁਦਕੁਸ਼ੀ ਕਰ ਲਈ। ਦੂਜੇ ਪਾਸੇ ਸ਼ੁੱਕਰਵਾਰ ਸਵੇਰੇ ਸਾਢੇ ਸੱਤ ਵਜੇ ਕਿਸੇ ਰਾਹਗੀਰ ਨੇ ਦਰੱਖਤ ਨਾਲ ਲਾਸ਼ ਲਟਕਦੀ ਵੇਖ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੀਸੀਆਰ ਮੁਲਾਜ਼ਮ ਮੌਕੇ 'ਤੇ ਪਹੁੰਚੇ, ਜਿਨ੍ਹਾਂ ਮਾਮਲਾ ਮਟੌਰ ਥਾਣੇ ਦਾ ਹੋਣ ਦੇ ਚੱਲਦਿਆਂ ਡਿਊਟੀ ਅਫ਼ਸਰ ਲਖਵਿੰਦਰ ਸਿੰਘ ਨੂੰ ਮੌਕੇ 'ਤੇ ਬੁਲਾਇਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਉਸ ਦੀ ਲਾਸ਼ ਹੇਠਾਂ ਉਤਾਰ ਕੇ ਕਬਜ਼ੇ 'ਚ ਲਈ ਤੇ ਦੇਰ ਸ਼ਾਮ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ।