ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੋਕਾਂ ਦਾ ਹੀ ਨਹੀਂ ਕਾਂਗਰਸੀ ਵਿਧਾਇਕਾਂ ਦਾ ਵੀ ਕੈਪਟਨ ਤੋਂ ਭਰੋਸਾ ਉੱਠ ਗਿਆ ਹੈ। ਉਨ੍ਹਾਂ ਕਿਹਾ ਕਿ 40 ਵਿਧਾਇਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਦੇ ਮੁੱਦੇ ’ਤੇ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਮੁੱਖ ਮੰਤਰੀ ਤੋਂ ਸਦਨ ਵਿਚ ਬਹੁਮੱਤ ਸਿੱਧ ਕਰਵਾਉਣਾ ਚਾਹੀਦਾ ਹੈ। ਸੂਬਾ ਸਰਕਾਰ ਘੱਟ-ਗਿਣਤੀ ਵਿਚ ਆ ਗਈ ਹੈ ਅਤੇ ਸਮੇਂ ਦੀ ਮੰਗ ਹੈ ਕਿ ਵਿਧਾਨ ਸਭਾ ਦੇ ਸਦਨ ਵਿਚ ਮੁੱਖ ਮੰਤਰੀ ਬਹੁਮਤ ਸਿੱੱਧ ਕਰਨ।

ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਕਾਰਜਸ਼ੈਲੀ ਤੋਂ ਉਨ੍ਹਾਂ ਦੀ ਪਾਰਟੀ ਦੋ ਧੜਿਆਂ ਵਿਚ ਵੰਡੀ ਗਈ ਹੈ। ਕੈਪਟਨ ਕਾਂਗਰਸ ਦੇ ਜ਼ਿਆਦਾਤਰ ਵਿਧਾਇਕਾਂ ਦਾ ਭਰੋਸਾ ਗੁਆ ਚੁੱਕੇ ਹਨ। ਨਤੀਜੇ ਵਜੋਂ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਦੇ ਅਨੁਸਾਰ ਕਾਂਗਰਸ ਦਾ ਬਹੁਮੱਤ ਸੱਤਾ ਵਿੱਚ ਕਾਬਜ਼ ਰਹਿਣ ਲਈ ਨਾ-ਕਾਫ਼ੀ ਹੈ।

‘ਆਪ’ ਆਗੂ ਨੇ ਕਿਹਾ ਸੂਬੇ ਵਿਚ ਸਰਕਾਰ ਦਾ ਠੀਕ ਕੰਮਕਾਜ ਨਾ ਹੋਣ ਕਾਰਨ ਕਾਂਗਰਸ ਦੇ ਜ਼ਿਆਦਾਤਰ ਵਿਧਾਇਕ ਮੁੱਖ ਮੰਤਰੀ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ।

ਉਨ੍ਹਾਂ ਸਵਾਲ ਕੀਤਾ ਕਿ ਕੈਪਟਨ ਤੇ ਨਵਜੋਤ ਸਿੰਘ ਸਿੱਧੂ ਸਦਨ ਵਿਚ ਬਹੁਮੱਤ ਸਾਬਤ ਕਰਨ ਦੀ ‘ਆਪ’ ਵੱਲੋਂ ਦਿੱਤੀ ਚੁਣੌਤੀ ਨੂੰ ਸਵੀਕਾਰ ਕਿਉਂ ਨਹੀਂ ਕਰ ਰਹੇ? ਸਿੱਧੂ ਦੀ ਨੈਤਿਕਤਾ ਕਿੱਥੇ ਗਈ ਅਤੇ ਉਹ ਇਸ ਮਾਮਲੇ ’ਤੇ ਚੁੱਪ ਕਿਉਂ ਹਨ? ਉਨ੍ਹਾਂ ਕਾਂਗਰਸ ਦੇ ਬਾਗੀ ਵਿਧਾਇਕਾਂ ਨੂੰ ਸਵਾਲ ਕੀਤਾ ਕਿ ਉਨ੍ਹਾਂ ਰਾਜਪਾਲ ਨੂੰ ਮਿਲ ਕੇ ਕੈਪਟਨ ਖ਼ਿਲਾਫ਼ ਫਲੋਰ ਟੈਸਟ ਕਰਾਉਣ ਦੀ ਮੰਗ ਕਿਉਂ ਨਹੀਂ ਕੀਤੀ? ਜੇ ਕਾਂਗਰਸ ਦੇ ਬਾਗੀ ਵਿਧਾਇਕ ਅਤੇ ਆਗੂ ਕੈਪਟਨ ਦੇ ਖ਼ਿਲਾਫ਼ ਆਪਣੇ ਪੱਧਰ ’ਤੇ ਸਹੀ ਹਨ ਤਾਂ ਉਹ ਵਿਧਾਨ ਸਭਾ ਵਿੱਚ ਬੇਭਰੋਸਗੀ ਦਾ ਮਤਾ ਕਿਉਂ ਨਹੀਂ ਲਿਆਉਂਦੇ। ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਾਰੇ ਵਿਧਾਇਕ ਅਤੇ ਆਗੂ ਸਾਢੇ ਚਾਰ ਸਾਲ ਤੋਂ ਮਾਫ਼ੀਆ ਰਾਜ ਦਾ ਹਿੱਸਾ ਬਣੇ ਰਹੇ ਹਨ ਅਤੇ ਹੁਣ ਮਹਿਜਜ਼ ਕੁਰਸੀ ਲਈ ਦਬਾਅ ਬਣਾਉਣ ਦਾ ਨਾਟਕ ਕਰ ਰਹੇ ਹਨ।

Posted By: Jagjit Singh