ਮਹਿਰਾ, ਖਰੜ : ਥਾਣਾ ਸਦਰ ਖਰੜ ਪੁਲਿਸ ਨੇ ਕਾਰ ਅਤੇ ਸੋਨੇ ਦੀ ਚੇਨ ਖੋਹਣ ਮਾਮਲੇ ਦੀ ਵਾਰਦਾਤ ਨੂੰ ਤਕਰੀਬਨ 8 ਘੰਟਿਆਂ 'ਚ ਸੁਲਝਾ ਲਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਯੋਗੇਸ਼ ਕੁਮਾਰ ਨੇ ਦੱਸਿਆ ਕਿ ਮਜਾਤ ਚੌਕੀ ਵਿਖੇ ਸੁਮਿਤ ਜੈਨ ਪੁੱਤਰ ਕਮਲੇਸ਼ ਜੈਨ ਵਾਸੀ ਮਕਾਨ ਨੰਬਰ 22, ਸੈਕਟਰ 16ਏ, ਚੰਡੀਗੜ੍ਹ ਨੇ ਬਿਆਨ ਦਰਜ ਕਰਵਾਇਆ ਸੀ ਕਿ 12 ਅਗਸਤ ਨੂੰ ਉਹ ਲੁਧਿਆਣਾ ਤੋਂ ਚੰਡੀਗੜ੍ਹ ਆਪਣੀ ਕਾਰ ਨੰਬਰ ਸੀਐਚ01-ਸੀਕੇ-1099 'ਤੇ ਆਪਣੀ ਪਤਨੀ ਸਮੇਤ ਆ ਰਿਹਾ ਸੀ। ਉਨ੍ਹਾਂ ਦੀ ਕਾਰ ਦੇ ਪਿਛੇ ਇਕ ਗੱਡੀ ਨੰਬਰ ਪੀਬੀ27ਐੱਫ -9841 ਆ ਰਹੀ ਸੀ ਇਸ 'ਚ ਮੌਜੂਦ ਕਾਰ ਸਵਾਰਾਂ ਨੇ ਉਨ੍ਹਾਂ ਨੂੰ ਗੰਦੇ ਇਸ਼ਾਰੇ ਕਰਨੇ ਸ਼ੁਰੂ ਕਰ ਦਿੱਤੇ ਤੇ ਕਾਰ ਦੀ ਤਾਕੀ 'ਚੋਂ ਉਸਨੂੰ ਕੱਢਣ ਲੱਗਾ। ਜਦੋਂ ਉਸਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਦੋ ਕਾਰ ਸਵਾਰਾਂ ਨੇ ਉਨ੍ਹਾਂ ਦੀ ਕਾਰ ਘੇਰ ਲਈ ਅਤੇ ਉਸ ਨਾਲ ਹੱਥੋਂ ਪਾਈ ਕਰਨ ਲੱਗੇ। ਜਦੋਂ ਉਸਦੀ ਪਤਨੀ ਬਚਾਅ ਲਈ ਆਈ ਤਾਂ ਦੋਵਾਂ ਨੌਜਵਾਨਾਂ ਨੇ ਉਸਦੇ ਗਲ਼ 'ਚ ਪਾਈ ਸੋਨੇ ਦੀ ਚੈਨ ਖੋਹ ਕੇ ਮੌਕੇ 'ਤੇ ਫ਼ਰਾਰ ਹੋ ਗਏ। ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਹਾਈਵੇ 'ਤੇ ਨਾਕਾਬੰਦੀ ਕਰਦੇ ਮੁਲਜ਼ਮ ਨੀਰਜ ਰਾਣਾ ਪੁੱਤਰ ਰਾਜੇਸ਼ ਕੁਮਾਰ ਰੰਧਾਵਾ ਵਾਸੀ ਪਿੰਡ ਝੰਜੇੜੀ ਨੇੜੇ ਖਰੜ, ਸੌਰਵ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਰੰਧਾਵਾ ਰੋਡ ਖਰੜ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਪਾਸੋਂ ਖੋਹੀ ਹੋਈ ਸੋਨੇ ਦੀ ਚੈਨ ਬਜਾਮਦ ਕੀਤੀ ਹੈ। ਵਾਰਦਾਤ ਦੌਰਾਨ ਵਰਤੀ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।