ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਪੁਰਾਣੀ ਅੰਬਾਲਾ-ਕਾਲਕਾ ਰੋਡ 'ਤੇ ਪਿੰਡ ਸਨੋਲੀ ਦੀ ਜ਼ਮੀਨ 'ਚ ਸਥਿਤ ਪਲੈਟੀਨਮ ਹੋਮਸ ਸੁਸਾਇਟੀ ਦੇ ਵਸਨੀਕਾਂ ਵੱਲੋਂ ਅੱਜ ਡੇਰਾਬੱਸੀ ਵਿਖੇ ਸਥਿਤ ਐੱਸਡੀਐੱਮ ਦਫ਼ਤਰ ਦੇ ਬਾਹਰ ਧਰਨਾ ਲਾ ਕੇ ਬਿਲਡਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਸੁਸਾਇਟੀ ਵਾਸੀਆਂ ਵੱਲੋਂ ਐੱਸਡੀਐੱਮ ਨੂੰ ਉਕਤ ਸੁਸਾਇਟੀ ਦੇ ਬਿਲਡਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਮੰਗ ਪੱਤਰ ਵੀ ਦਿੱਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਵਾਸੀ ਓਂਕਾਰ ਸਿੰਘ ਸੈਣੀ, ਕਿ੍ਸ਼ਨਾ, ਗੁਰਦੀਪ ਸਿੰਘ, ਪੰਕਜ, ਮਾਲਤੀ ਅਤੇ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਉਕਤ ਸੁਸਾਇਟੀ 'ਚ ਲਗਭਗ 600 ਫਲੈਟਸ ਹਨ, ਜਿਨ੍ਹਾਂ 'ਚ ਲਗਭਗ ਅੱਧੇ ਤੋਂ ਜ਼ਿਆਦਾ ਫਲੈਟਾਂ 'ਚ ਲੋਕਾਂ ਨੇ ਆਪਣੀ ਰਿਹਾਇਸ਼ ਕੀਤੀ ਹੋਈ ਹੈ। ਉਨ੍ਹਾਂ ਦੀ ਉਕਤ ਸੁਸਾਇਟੀ 'ਚ ਪਿਛਲੇ ਲਗਭਗ ਦੋ ਸਾਲਾਂ ਤੋਂ ਬਿਜਲੀ, ਪਾਣੀ, ਸੀਵਰੇਜ ਦੀ ਸਮੱਸਿਆ ਲਗਾਤਾਰ ਚਲਦੀ ਆ ਰਹੀ ਹੈ, ਸੁਸਾਇਟੀ 'ਚ ਪੀਣ ਵਾਲੇ ਪਾਣੀ ਦੇ ਸੈਂਪਲ ਵੀ ਫੇਲ੍ਹ ਹੋਏ ਹੋਏ ਹਨ।
ਉਨ੍ਹਾਂ ਬਿਲਡਰ 'ਤੇ ਦੋਸ਼ ਲਗਾਉਂਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਾ ਤਾਂ ਸੁਸਾਇਟੀ ਵੱਲੋਂ ਕੋਈ ਹੱਲ ਕੀਤਾ ਗਿਆ ਹੈ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕਦੇ ਵੀ ਉਨ੍ਹਾਂ ਦੀ ਕੋਈ ਸਾਰ ਲਈ ਗਈ ਹੈ। ਉਨ੍ਹਾਂ ਨੇ ਥੱਕ ਹਾਰ ਕੇ ਸੁਸਾਇਟੀ ਦੇ ਗੇਟ ਦੇ ਅੱਗੇ ਮਿਤੀ 4 ਫਰਵਰੀ ਤੋਂ 6 ਫਰਵਰੀ ਤਕ ਤਿੰਨ ਦਿਨ ਲਗਾਤਾਰ ਧਰਨਾ ਦਿੰਦੇ ਰਹੇ। ਪਰ ਇਸ ਦੌਰਾਨ ਕਿਸੇ ਵੀ ਪ੍ਰਸਾਸ਼ਨਿਕ ਅਧਿਕਾਰੀ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਗਈ।
ਦੂਜੇ ਪਾਸੇ ਇਸ ਦੌਰਾਨ ਉਕਤ ਸੁਸਾਇਟੀ ਦੇ ਬਿਲਡਰ ਦੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਜਿਸ ਦੌਰਾਨ ਇਕ ਅੌਰਤ ਸੁਨੀਤਾ ਸ਼ਰਮਾ ਨੂੰ ਅੱਖ 'ਤੇ ਸੱਟ ਵੀ ਲੱਗੀ ਹੈ। ਜਿਸਦੇ ਚਲਦੇ ਉਨ੍ਹਾਂ ਨੂੰ ਇਲਾਜ ਲਈ ਢਕੋਲੀ ਦੇ ਹਸਪਤਾਲ 'ਚ ਦਾਖ਼ਲ ਕੀਤਾ ਗਿਆ। ਇਸ ਘਟਨਾ ਬਾਰੇ ਉਨ੍ਹਾਂ ਨੇ ਜ਼ੀਰਕਪੁਰ ਪੁਲਿਸ ਵੀ ਅਲੱਗ ਅਲੱਗ ਦਰਖ਼ਾਸਤਾਂ ਰਾਹੀਂ ਸ਼ਿਕਾਇਤ ਵੀ ਕੀਤੀ ਹੈ, ਪਰ ਪੁਲਿਸ ਨੇ ਵੀ ਉਨ੍ਹਾਂ ਦੀ ਸ਼ਿਕਾਇਤ 'ਤੇ ਉਕਤ ਸੁਸਾਇਟੀ ਦੇ ਬਿਲਡਰ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਮੱਸਿਆਵਾਂ ਅਤੇ ਘਟਨਾ ਬਾਰੇ ਹੁਣ ਤਕ ਕੋਈ ਵੀ ਸੁਣਵਾਈ ਨਾ ਹੋਣ ਕਰਕੇ ਉਨ੍ਹਾਂ ਨੇ ਹਾਰ ਕੇ ਐੱਸਡੀਐੱਮ ਡੇਰਾਬੱਸੀ ਦਫ਼ਤਰ ਅੱਗੇ ਧਰਨਾ ਲਾਇਆ ਤਾਂ ਜੋ ਉਨ੍ਹਾਂ ਦੀਆਂ ਉਕਤ ਸਮੱਸਿਆਵਾਂ ਦਾ ਨਿਪਟਾਰਾ ਹੋ ਸਕੇ।
ਉਨ੍ਹਾਂ ਐੱਸਡੀਐੱਮ ਡੇਰਾਬੱਸੀ ਨੂੰ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਉਪਰੋਕਤ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਵਾਇਆ ਜਾਵੇ ਅਤੇ ਪਲੈਟੀਨਮ ਹੋਮਸ ਸੁਸਾਇਟੀ ਦੇ ਬਿਲਡਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇ।
-----------
ਕੀ ਕਹਿੰਦੇ ਹਨ ਐੱਸਡੀਐੱਮ ਡੇਰਾਬੱਸੀ
ਜਦੋਂ ਇਸ ਬਾਰੇ ਐੱਸਡੀਐੱਮ ਡੇਰਾਬੱਸੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਅੱਜ ਉਹ ਛੁੱਟੀ 'ਤੇ ਹੋਣ ਕਾਰਨ ਉਨ੍ਹਾਂ ਦਾ ਮੰਗ ਪੱਤਰ ਨਹੀਂ ਪੜ੍ਹ ਸਕੇ ਪਰ ਜਿੱਥੋਂ ਤਕ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਕਿਸੇ ਬਿਲਡਰ ਨਾਲ ਉਨ੍ਹਾਂ ਦਾ ਸੁਸਾਇਟੀ ਦੀਆਂ ਸਮੱਸਿਆਵਾਂ ਨੂੰ ਲੈਕੇ ਝਗੜਾ ਚੱਲ ਰਿਹਾ ਹੈ। ਇਹ ਮਸਲਾ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ ਪਰ ਫਿਰ ਵੀ ਉਹ ਕੱਲ ਉਨ੍ਹਾਂ ਦੇ ਮੰਗ ਪੱਤਰ ਦਾ ਕੋਈ ਨਾ ਕੋਈ ਫੈਸਲਾ ਜ਼ਰੂਰ ਕਰ ਦੇਣਗੇ।