-ਮਾਮਲਾ ਕੌਂਸਲ ਪ੍ਰਧਾਨ ਤੇ ਕਾਰਜ ਸਾਧਕ ਅਫ਼ਸਰ ਦੇ ਆਮਣੋ ਸਹਾਮਣੇ ਹੋਣ ਦਾ

-ਧੜ੍ਹੇ ਨੇ ਰਸੂਖ਼ਦਾਰ ਬਿਲਡਰਾਂ ਤੇ ਕਾਲੋਨਾਈਜ਼ਰਾਂ ਵੱਲ ਕੌਂਸਲ ਦੀ ਖੜੀ ਕਰੋੜਾਂ ਰੁਪਏ ਦੀ ਬਕਾਇਆ ਰਾਸ਼ੀ ਵਸੂਲੀ ਜਾਣ ਦੀ ਕੀਤੀ ਮੰਗ

ਤਰਲੋਚਨ ਸਿੰਘ ਸੋਢੀ, ਕੁਰਾਲੀ : ਸਥਾਨਕ ਸ਼ਹਿਰ ਦੀ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਤੇ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ ਵਿਚਕਾਰ ਚਲ ਰਹੀ ਸ਼ਬਦੀ ਜੰਗ ਸ਼ਹਿਰ ਦੇ ਚਾਰੇ ਪਾਸੇ ਚਰਚਾ ਵਿਸ਼ਾਂ ਬਣੀ ਹੋਈ ਹੈ। ਇਸੇ ਦੌਰਾਨ ਸਥਾਨਕ ਸਿਟੀ ਕਾਂਗਰਸ ਦੇ ਪ੍ਰਧਾਨ ਤੇ ਕੌਂਸਲਰ ਨੰਦੀਪਾਲ ਬਾਂਸਲ ਤੇ ਕੌਂਸਲਰ ਬਹਾਦਰ ਸਿੰਘ ਓਕੇ ਦੀ ਅਗਵਾਈ ਹੇਠ ਕੌਂਸਲਰਾਂ ਦਾ ਇਕ ਧੜਾ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ ਦੀ ਹਮਾਇਤ 'ਚ ਨਿੱਤਰਿਆ ਹੈ। ਉਨ੍ਹਾਂ ਨੇ ਇਸ ਸਾਰੇ ਮਾਮਲੇ ਦੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਤੇ ਕਾਲੋਨਾਈਜ਼ਰਾਂ ਤੇ ਬਿਲਡਰਾਂ ਦੇ ਵੱਲ ਖੜੀ ਕੌਂਸਲ ਦੀ ਕਰੋੜਾਂ ਰੁਪਏ ਦੀ ਰਾਸ਼ੀ ਸ਼ਹਿਰ ਤੇ ਲੋਕ ਹਿੱਤ ਲਈ ਵਸੂਲੀ ਨੂੰ ਯਕੀਨੀ ਬਣਾਉਣ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ।

ਸਥਾਨਕ ਸਿਟੀ ਕਾਂਗਰਸ ਦੇ ਪ੍ਰਧਾਨ ਤੇ ਵਾਰਡ ਨੰਬਰ-6 ਦੇ ਕੌਂਸਲਰ ਨੰਦੀ ਪਾਲ ਬਾਂਸਲ ਤੇ ਕੌਂਸਲਰ ਬਹਾਦਰ ਸਿੰਘ ਓਕੇ ਦੀ ਅਗਵਾਈ ਵਿਚ ਕੌਂਸਲਰਾਂ ਦੇ ਇਕ ਧੜੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ ਸ਼ਹਿਰ ਦੀ ਭਲਾਈ ਲਈ ਲਗਾਤਾਰ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੁਝ ਬਿਲਡਰਾਂ ਤੇ ਕਾਲੋਨਾਈਜ਼ਰਾਂ ਦੇ ਹੱਕ ਵਿਚ ਹਾਮੀ ਨਾ ਭਰਨ ਕਰਕੇ ਹੀ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸ਼ਹਿਰ ਦੇ ਕੁਝ ਰਸੂਖਦਾਰ ਬਿਲਡਰਾਂ ਤੇ ਕਾਲੋਨਾਈਜ਼ਰਾਂ ਵੱਲ ਸਥਾਨਕ ਕੌਂਸਲ ਦੀ ਕਰੀਬ 24 ਤੋਂ 25 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਖੜੀ ਹੈ। ਉਨ੍ਹਾਂ ਕੌਂਸਲ ਪ੍ਰਧਾਨ ਤੇ ਕਾਰਜ ਸਾਧਕ ਅਫ਼ਸਰ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਮਾਮਲੇ ਦੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਸ਼ਹਿਰ ਦੇ ਕੌਂਸਲ ਪ੍ਰਧਾਨ ਤੇ ਉਨ੍ਹਾਂ ਦੇ ਸਾਥੀ ਕੁਝ ਕੌਂਸਲਰਾਂ ਨਾਲ ਜੁੜੇ ਵੱਡੇ ਕੁਝ ਕਾਲੋਨਾਈਜ਼ਰਾਂ ਤੇ ਬਿਲਡਰਾਂ ਦੇ ਵੱਲ ਖੜੀ ਕੌਂਸਲ ਦੀ ਕਰੋੜਾਂ ਰੁਪਏ ਦੀ ਰਾਸ਼ੀ ਸ਼ਹਿਰ ਦੇ ਵਿਕਾਸ ਕਾਰਜ ਤੇ ਲੋਕ ਹਿੱਤ ਲਈ ਵਸੂਲਣ ਨੂੰ ਯਕੀਨੀ ਬਣਾਉਣ ਦੀ ਪੁਰਜੋਰ ਮੰਗ ਕੀਤੀ ਗਈ ਹੈ।

ਦੂਜੇ ਪਾਸੇ ਸਥਾਨਕ ਸ਼ਹਿਰੀਆਂ ਨੇ ਵੀ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਇਸ ਮੌਕੇ ਕੌਂਸਲਰ ਭਾਰਤ ਭੂਸ਼ਨ ਵਰਮਾ, ਕੌਂਸਲਰ ਖੁਸ਼ਬੀਰ ਸਿੰਘ ਹੈਪੀ, ਕੌਂਸਲਰ ਭਾਵਨਾ ਸ਼ਰਮਾ ਦੇ ਪਤੀ ਤੇ ਸਮਾਜ ਸੇਵੀ ਆਗੂ ਡਾ. ਅਸ਼ਵਨੀ ਸ਼ਰਮਾ, ਸਾਬਕਾ ਕੌਂਸਲਰ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਦੀਪ ਕੁਮਾਰ ਰੂੜ੍ਹਾ ਚਨਾਲੋਂ ਆਦਿ ਹਾਜ਼ਰ ਸਨ।