ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ : ਐਡਹਾਕ ਅਧਿਕਾਰੀਆਂ ਦੇ ਸਹਾਰੇ ਚੱਲ ਰਹੀ ਪੰਜਾਬ ਯੂਨੀਵਰਸਿਟੀ ਦਾ ਮਾਮਲਾ ਹੁਣ ਪੀਯੂ ਚਾਂਸਲਰ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਦਫਤਰ ਤਕ ਪੁੱਜ ਚੁੱਕਾ ਹੈ। ਪੂਰੇ ਮਾਮਲੇ ਵਿਚ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਜਲਦ ਜਵਾਬ ਤਲਬ ਕਰਨ ਦੀ ਤਿਆਰੀ ਹੈ। ਪੀਯੂ ’ਚ ਕੁਲਪਤੀ ਨੂੰ ਛੱਡ ਕੇ ਰਜਿਸਟਰਾਰ, ਕੰਟਰਲੋਰ ਆਫ ਐਗਜ਼ਾਮੀਨੇਸ਼ਨ, ਡੀਨ ਕਾਲਜ ਡਿਵੈਲਪਮੈਂਟ ਕੌਂਸਲਰ (ਡੀਸੀਡੀਸੀ), ਚੀਫ ਸਕਿਓਰਿਟੀ ਅਫਸਰ ਸਮੇਤ ਲਗਪਗ 12 ਵੱਡੇ ਅਹੁਦਿਆਂ ’ਤੇ ਬੀਤੇ ਕਈ ਸਾਲਾਂ ਤੋਂ ਅਸਥਾਈ ਅਧਿਕਾਰੀਆਂ ਤੋਂ ਕੰਮ ਕਰਵਾਇਆ ਜਾ ਰਿਹਾ ਹੈ। ਮਾਮਲੇ ਦੀ ਸ਼ਿਕਾਇਤ ਦਿੱਲੀ ਤਕ ਪਹੁੰਚਣ ਨਾਲ ਅੱਜ-ਕੱਲ੍ਹ ਪੀਯੂ ਪ੍ਰਸ਼ਾਸਨ ’ਚ ਤਰਥੱਲੀ ਮਚੀ ਹੋਈ ਹੈ।

ਪੀਯੂ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਸਾਬਕਾ ਸੈਨੇਟਰ ਅਤੇ ਭਾਜਪਾ ਦੇ ਸੀਨੀਅਰ ਆਗੂ ਡਾ. ਸੁਭਾਸ਼ ਸ਼ਰਮਾ ਨੇ ਪੂਰੇ ਮਾਮਲੇ ਨੂੰ ਚਾਂਸਲਰ ਐੱਮ ਵੈਂਕਈਆ ਨਾਇਡੂ ਤਕ ਪਹੁੰਚਾ ਦਿੱਤਾ ਹੈ। ਚਾਂਸਲਰ ਦਫਤਰ ਨੂੰ ਭੇਜੀ ਗਈ ਸ਼ਿਕਾਇਤ ਵਿਚ ਸਿੱਧੇ ਤੌਰ ’ਤੇ ਪੀਯੂ ’ਚ ਕੁਝ ਖਾਸ ਲੋਕਾਂ ਦੀ ਨਿਯੁਕਤੀ ਦਾ ਦੋਸ਼ ਲਾਇਆ ਹੈ। ਚਾਂਸਲਰ ਨੂੰ ਭੇਜੇ ਗਏ ਪੱਤਰ ਵਿਚ ਦੱਸਿਆ ਗਿਆ ਹੈ ਕਿ ਪੀਯੂ ਦੇ ਕਈ ਪ੍ਰੋਫੈਸਰਾਂ ਨੂੰ ਤਿੰਨ ਤੋਂ ਚਾਰ ਅਹੁਦਿਆਂ ’ਤੇ ਬਿਠਾਇਆ ਗਿਆ ਹੈ।

Posted By: Jagjit Singh