-ਕਿਹਾ, ਰਾਊਂਡ ਅਬਾਊਟ ਅਗਲੇ ਸਾਲ ਮਾਰਚ ਤਕ ਬਣਾਏ ਜਾਣ ਦੀ ਤਜਵੀਜ਼

-ਡੀਸੀ ਵੱਲੋਂ ਲਾਇੰਟ ਪੁਆਇੰਟਾਂ ਨੂੰ ਗੋਲ ਚੌਕਾਂ 'ਚ ਤਬਦੀਲ ਕੀਤੇ ਜਾਣ ਸਬੰਧੀ ਕੀਤੀਆਂ ਤਿਆਰੀਆਂ ਦਾ ਜ਼ਾਇਜਾ ਲੈਣ ਲਈ ਅਧਿਕਾਰੀਆਂ ਨਾਲ ਮੀਟਿੰਗ

ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਮੁਹਾਲੀ ਵਿਖੇ ਵੱਧ ਰਹੀ ਟ੍ਰੈਫਿਕ ਦੀ ਸਮੱਸਿਆਂ ਨੂੰ ਹੱਲ ਕਰਨ ਦੇ ਨਾਲ ਨਾਲ ਸੜਕਾਂ 'ਤੇ ਵਾਪਰਦੇ ਹਾਦਸਿਆਂ ਨੂੰ 'ਚ ਘੱਟ ਕੀਤੇ ਜਾਣ ਦੇ ਮੰਤਵ ਅਧੀਨ ਪੰਜਾਬ ਸਰਕਾਰ ਵੱਲੋਂ ਸ਼ਹਿਰ ਮੁਹਾਲੀ ਦੇ ਲਾਇੰਟ ਪੁਆਇੰਟਾਂ ਨੂੰ ਗੋਲ ਚੌਕਾਂ (ਰਾਊਂਡ ਅਬਾਊਟ) 'ਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਮਾਡਾ, ਮਿਊਸੀਂਪਲ ਕਾਰਪੋਰੇਸ਼ਨ, ਆਰਟੀਏ, ਪੁਲਿਸ, ਰੋਡ ਸੇਫਟੀ ਇੰਜੀਨੀਅਰ ਨਾਲ ਮੀਟਿੰਗ ਕੀਤੀ ਗਈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਦੱਸਿਆ ਕਿ ਮੁਹਾਲੀ ਸ਼ਹਿਰ ਦੀਆਂ ਸੜਕਾਂ 'ਤੇ ਟ੍ਰੈਫਿਕ ਦਿਨੋਂ ਦਿਨ ਵਧ ਰਿਹਾ ਹੈ ਅਤੇ ਸੜਕਾਂ 'ਤੇ ਹਾਦਸਿਆਂ ਦੀ ਗਿਣਤੀ 'ਚ ਕਾਫ਼ੀ ਵਾਧਾ ਹੋ ਰਿਹਾ ਹੈ । ਉਨ੍ਹਾਂ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਇਕ ਬਹੁਪੱਖੀ ਯੋਜਨਾ ਤਹਿਤ ਸ਼ਹਿਰ ਮੁਹਾਲੀ ਦੇ ਲਾਇਟ ਪੁਆਇੰਟ ਨੂੰ ਗੋਲ ਚੌਕਾਂ (ਰਾਊਂਡ ਅਬਾਊਟ) 'ਚ ਬਦਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗਮਾਡਾ ਵੱਲੋਂ ਇਸ ਸਬੰਧੀ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਅਤੇ ਗਮਾਡਾ ਦੇ ਤਕਨੀਕੀ ਸਲਾਹਕਾਰ ਦੀ ਮਦਦ ਨਾਲ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਅਗਲੇ ਸਾਲ ਮਾਰਚ ਮਹੀਨੇ ਦੇ ਅੰਤ ਤਕ ਇਨ੍ਹਾਂ ਗੋਲ ਚੌਕਾਂ ਦੀ ਉਸਾਰੀ ਕੀਤੇ ਜਾਣ ਦੀ ਯੋਜਨਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਏਅਰਪੋਰਟ ਰੋਡ (ਪੀਆਰ 7) ਉਪਰ ਵੱਧ ਰਹੇ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਦੇ ਟ੍ਰੈਫਿਕ ਸਲਾਹਕਾਰ ਵੱਲੋਂ ਸਰਵੇ ਕਰਕੇ ਢੁੱਕਵੀ ਤਜ਼ਵੀਜ਼ ਪੇਸ਼ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ 'ਚ ਸ਼ਾਮਲ ਮਿਊਸੀਂਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਇਹ ਹਦਾਇਤ ਕੀਤੀ ਗਈ ਕਿ ਏਅਰਪੋਰਟ ਤੇ ਲੱਗੀਆਂ ਲਾਇਟਾਂ ਦੀ ਸਿਨਕਰੋਨਾਈਜੇਸ਼ਨ ਕੀਤੀ ਜਾਵੇ ਤਾਂ ਜੋ ਕਿਸੇ ਵੀ ਲਾਇਟ ਪੁਆਇੰਟ ਤੇ ਏਅਰ ਪੋਰਟ ਵੱਲ ਜਾਣ ਵਾਲੇ ਟ੍ਰੈਫਿਕ ਨੂੰ ਜ਼ਿਆਦਾ ਦੇਰ ਰੁਕਣਾ ਨਾ ਪਵੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਵੱਲੋਂ ਸਥਾਨਕ ਵਿਧਾਇਕ ਕੁਲਵੰਤ ਸਿੰਘ ਦੀ ਮੰਗ ਤੇ ਸ਼ਹਿਰ ਦੇ ਬੁਨਿਆਂਦੀ ਢਾਂਚੇ, ਸੜਕਾਂ, ਟ੍ਰੈਫਿਕ ਅਤੇ ਹੋਰ ਨਾਗਰਿਕ ਸਹੂਲਤਾਂ ਨੂੰ ਬਿਹਤਰ ਬਣਾਉਣ ਵਾਸਤੇ ਗਮਾਡਾ ਦੇ ਦਫ਼ਤਰ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ 'ਚ ਟ੍ਰੈਫਿਕ ਦੀ ਸਮੱਸਿਆਂ ਦੇ ਢੁੱਕਵੇਂ ਹੱਲ ਅਤੇ ਸੜਕੀ ਦੁਰਘਟਨਾਵਾਂ ਨੂੰ ਘੱਟ ਕਰਨ ਦੇ ਲਈ ਮੰਤਰੀ ਅਮਨ ਅਰੋੜਾ ਵੱਲੋਂ ਡਿਪਟੀ ਕਮਿਸ਼ਨਰ ਐੱਸਏਐੱਸ ਨਗਰ ਨੂੰ ਇਸ ਸਬੰਧ 'ਚ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਡੀਸੀ ਵਲੋਂ ਮੀਟਿੰਗ ਕੀਤੀ ਗਈ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ ਤਰਸੇਮ ਚੰਦ, ਜ਼ਿਲ੍ਹਾ ਟਾਊਨ ਪਲਾਨਰ ਗੁਰਦੇਵ ਸਿੰਘ, ਸਕੱਤਰ ਆਰਟੀਏ ਪਰਦੀਪ ਸਿੰਘ ਿਢਲੋਂ, ਰੋਡ ਸੇਫਟੀ ਇੰਜੀਨੀਅਰ ਚਰਨਜੀਤ ਤੋਂ ਇਲਾਵਾ ਗਮਾਡਾ ਦੇ ਤਕਨੀਕੀ ਸਲਾਹਕਾਰ, ਮਿਊਂਸੀਪਲ ਕਾਰਪੋਰੇਸ਼ਨ ਦੇ ਅਧਿਕਾਰੀ ਵੀ ਹਾਜ਼ਰ ਸਨ।