ਜੈ ਸਿੰਘ ਛਿੱਬਰ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਸੈਸ਼ਨ ਦਾ ਦੂਸਰਾ ਦਿਨ ਅੱਜ ਹੰਗਾਮੇ ਦੀ ਭੇਟ ਚੜ੍ਹ ਗਿਆ। ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ ’ਚੋਂ ਬਰਖਾਸਤ ਕਰਨ ਅਤੇ ਕੇਸ ਦਰਜ਼ ਕਰਨ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰ ਕਾਂਗਰਸ ਨੇ ਵੈੱਲ (ਸਪੀਕਰ ਦੇ ਆਸਨ ਅੱਗੇ) ’ਚ ਜਾ ਕੇ ਸਰਕਾਰ ਖਿਲਾਫ਼ ਜਬਰਦਸਤ ਨਾਅਰੇਬਾਜ਼ੀ ਕੀਤੀ। ਸਦਨ ਦੀ ਪੂਰੀ ਕਾਰਵਾਈ ਦੌਰਾਨ ਵਿਰੋਧੀ ਅਤੇ ਹੁਕਮਰਾਨ ਧਿਰ ਵਿਚ ਤਲਖ਼ੀ ਵਾਲਾ ਮਾਹੌਲ ਬਣਿਆ ਰਿਹਾ।

ਸਿਫ਼ਰ ਕਾਲ ਦੌਰਾਨ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕੋਟਕਪੂਰਾ ਗੋਲ਼ੀਕਾਂਡ ਦਾ ਮੁੱਦਾ ਚੁੱਕਦੇ ਹੋਏ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਦੇ ਮੁਖੀ ਐੱਲਕੇ ਯਾਦਵ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ 14 ਅਕਤੂਬਰ ਨੂੰ ਬੇਅਦਬੀ, ਬਰਗਾੜੀ ਕਾਂਡ ਦੇ ਸੱਤ ਸਾਲ ਪੂਰੇ ਹੋ ਜਾਣਗੇ ਪਰ ਅਜੇ ਤੱਕ ਇਨਸਾਫ਼ ਨਹੀਂ ਮਿਲ ਸਕਿਆ। ਉਨ੍ਹਾਂ ਸਦਨ ਨੂੰ ਦੱਸਿਆ ਕਿ ਪਿਛਲੇ ਦਿਨੀਂ ਐੱਸਆਈਟੀ ਦੇ ਮੁਖੀ ਐੱਲਕੇ ਯਾਦਵ ਨੇ ਸੁਖਬੀਰ ਬਾਦਲ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਬਲਕਿ ਪਕੌੜੇ ਖਿਲਾਕੇ ਭੇਜ ਦਿੱਤਾ। ਸੁਖਬੀਰ ਨੇ ਪੇਸ਼ੀ ਭੁਗਤਣ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਉਨ੍ਹਾਂ (ਕੁੰਵਰ ਵਿਜੈ ਪ੍ਰਤਾਪ ਸਿੰਘ) ਖਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਹੈ।

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਹਾਈ ਕੋਰਟ ਨੇ 9 ਅਪ੍ਰੈਲ 2021 ਨੂੰ ਉਨ੍ਹਾਂ ਦੀ ਰਿਪੋਰਟ ਰੱਦ ਕਰਦੇ ਹੋਏ ਏਡੀਜੀਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਨਵੀਂ ਸਿਟ ਬਣਾਕੇ ਜਾਂਚ ਕਰਨ ਦੇ ਹੁਕਮ ਦਿੱਤੇ ਸਨ, ਪਰ ਇਸ ਸਬੰਧੀ ਲਿਖਤੀ ਹੁਕਮ 23 ਨੂੰ ਜਨਤਕ ਹੋਏ ਸਨ। ਉਨ੍ਹਾਂ ਕਿਹਾ ਕਿ ਤਤਕਾਲੀ ਸਰਕਾਰ ਨੇ 4 ਮਈ ਨੂੰ ਆਈ.ਜੀ ਐੱਲ.ਕੇ.ਯਾਦਵ ਨੂੰ ਏ.ਡੀ.ਜੀ.ਪੀ ਵਜੋਂ ਪਦ ਉਨਤ ਕਰਕੇ ਜਾਂਚ ਦੀ ਜੁੰਮੇਵਾਰੀ ਸੌਂਪ ਦਿੱਤੀ। ਜਦਕਿ ਅੱਠ ਹੋਰ ਅਧਿਕਾਰੀ ਉਨ੍ਹਾਂ ਤੋਂ ਸੀਨੀਅਰ ਸਨ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਜੇਕਰ ਐਡਵੋਕੇਟ ਜਨਰਲ ਬੀਮਾਰ ਹੈ ਤਾਂ ਇਸ ਮਾਮਲੇ ਵਿਚ ਕੋਰਟ ਤੋਂ ਅਗਲੀ ਤਾਰੀਖ ਲੈ ਲਓ, ਰਿਪੋਰਟ ਨੂੰ ਖਾਰਜ਼ ਨਾ ਕਰਵਾਇਆ ਜਾਵੇ। ਪਰ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਸ਼ਾਂਤ ਕਿਸ਼ੋਰ ਦੀ ਸਲਾਹ ਨਾਲ ਸਭ ਕੁੱਝ ਕੀਤਾ ਸੀ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਵਲੋਂ ਦਾਇਰ ਕੀਤੀ ਪਟੀਸ਼ਨ ’ਤੇ ਸਰਕਾਰ ਆਪਣੇ ਪੱਧਰ ’ਤੇ ਅਮਲ ਕਰਨਾ ਚਾਹੀਦਾ ਹੈ।

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਫੌਜਾ ਸਿੰਘ ਸਰਾਰੀ ਦੀ ਭ੍ਰਿਸ਼ਟਾਚਾਰ ਬਾਰੇ ਆਡਿਓ ਜਨਤਕ ਹੋਣ ’ਤੇ ਸਾਬਕਾ ਮੰਤਰੀ ਵਿਜੈ ਸਿੰਗਲਾਂ ਦੀ ਤਰ੍ਹਾਂ ਸਰਾਰੀ ਦੇ ਖਿਲਾਫ਼ ਵੀ ਕਾਨੂੰਨੀ ਕਾਰਵਾਈ ਕਰਕੇ ਜੇਲ੍ਹ ਭੇਜਣ ਦੀ ਮੰਗ ਕੀਤੀ। ਵਿਰੋਧੀ ਧਿਰ ਇਸ ਮੁੱਦੇ ’ਤੇ ਮੁੱਖ ਮੰਤਰੀ ਅਤੇ ਸਰਕਾਰ ਦਾ ਜਵਾਬ ਚਾਹੁੰਦੀ ਸੀ, ਪਰ ਉਸ ਸਮੇਂ ਮੁੱਖ ਮੰਤਰੀ ਸਦਨ ਵਿਚ ਹਾਜ਼ਰ ਨਹੀਂ ਸਨ।

ਐੱਸਸੀ ਸਕਾਲਰ ਮੁੱਦੇ ’ਤੇ ਹੁਕਮਰਾਨ ਧਿਰ ਨੇ ਕਾਂਗਰਸ ’ਤੇ ਲਾਏ ਰਗੜੇ

ਵੀਰਵਾਰ ਨੂੰ ਗੈਰ ਸਰਕਾਰੀ ਕੰਮਕਾਜ਼ ਵਾਲਾ ਦਿਨ ਹੋਣ ’ਤੇ ਵਿਧਾਇਕ ਸਰਵਜੀਤ ਕੌਰ ਮਾਣੂਕੇ, ਕੁਲਵੰਤ ਸਿੰਘ ਪੰਡੋਰੀ ਨੇ ਸਦਨ ਵਿਚ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਬੱਚਿਆਂ ਨੰ ਵਜੀਫ਼ਾ ਸਮੇਂ ਸਿਰ ਨਾ ਮਿਲਣ ਕਰਕੇ ਵਿਦਿਅਕ ਅਦਾਰਿਆਂ ਵਲੋਂ ਉਨ੍ਹਾਂ ਦੇ ਸਰਟੀਫਿਕੇਟ ਨਾ ਦੇਣ ਦਾ ਮੁੱਦਾ ਚੁੱਕਿਆ। ਕਾਂਗਰਸੀਆਂ ਦੇ ਰੌਲੇ ਰੱਪੇ ਦੌਰਾਨ ਹੁਕਮਰਾਨ ਧਿਰ ਦੇ ਵਿਧਾਇਕਾਂ ਨੇ ਕਾਂਗਰਸ ’ਤੇ ਖੂਬ ਰਗੜੇ ਲਾਉੰਦੇ ਕਾਂਗਰਸ ਨੂੰ ਦਲਿਤ ਵਿਰੋਧੀ ਹੋਣ ਦਾ ਦੋੋਸ਼ ਲਾਇਆ। ਮਾਣੂੰਕੇ, ਕੁਲਵੰਤ ਸਿੰਘ ਪੰਡੋਰੀ, ਪਿ੍ਰੰਸੀਪਲ ਬੁੱਧ ਰਾਮ, ਡਾ ਰਵਜੋਤ ਸਿੰਘ ਸ਼ਾਮਚੁਰਾਸੀ, ਰਜਨੀਸ਼ ਦਹੀਆ,ਕੈਬਨਿਟ ਮੰਤਰੀ ਬਲਜੀਤ ਸਿੰਘ ਈਟੀਓ, ਲਾਲ ਚੰਦ ਕਟਾਰੂਚੱਕ, ਬਸਪਾ ਦੇ ਵਿਧਾਇਕ ਡਾ ਨਛੱਤਰ ਪਾਲ ਨੇ ਕਿਹਾ ਕਿਹਾ ਕਿ ਸਦਨ ਵਿਚ ਬਹੁਤ ਗੰਭੀਰ ਮੁੱਦੇ ’ਤੇ ਚਰਚਾ ਹੋ ਰਹੀ ਹੈ, ਪਰ ਕਾਂਗਰਸੀ ਇਸ ’ਤੇ ਗੱਲ ਸੁਣਨ ਨੂੰ ਤਿਆਰ ਨਹੀਂ। ਹੁਕਮਰਾਨ ਧਿਰ ਦੇ ਵਿਧਾਇਕਾਂ ਅਤੇ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਲੱਖਾਂ ਰੁਪਏ ਦਾ ਘਪਲਾ ਕਰਕੇ ਐੱਸਸੀ ਬੱਚਿਆ ਦਾ ਹੱਕ ਮਾਰਿਆ ਹੈ।

Posted By: Jagjit Singh