ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਬੀਤੇ ਦਿਨੀਂ 7 ਹਜ਼ਾਰ ਰੁਪਏ ਕੈਸ਼ ਤੇ ਸਵਿਫਟ ਕਾਰ ਲੈ ਕੇ ਇਕ ਲੜਕੀ ਰਫੂਚੱਕਰ ਹੋ ਗਈ ਜਿਸ ਤੋਂ ਬਾਅਦ ਕਾਰ ਮਾਲਕ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸ਼ਿਕਾਇਤ 'ਤੇ ਬਲੌਂਗੀ ਥਾਣਾ ਪੁਲਿਸ ਨੇ ਲੜਕੀ ਖ਼ਿਲਾਫ਼ ਆਈਪੀਸੀ ਦੀ ਧਾਰਾ 379, 406, 420 ਦੇ ਤਹਿਤ ਕੇਸ ਦਰਜ ਕਰ ਲੜਕੀ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਨੰਗਲ ਨਿਵਾਸੀ 30 ਸਾਲਾ ਅਰਸ਼ਪ੍ਰਰੀਤ ਕੌਰ ਦੇ ਰੂਪ 'ਚ ਹੋਈ ਹੈ। ਅੰਬਾਲੇ ਦੇ ਰਹਿਣ ਵਾਲੇ ਮਨਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਸੀ ਕਿ ਉਹ ਆਪਣੇ ਇਕ ਦੋਸਤ ਰਾਮ ਕਲਾਂ ਦੇ ਕਹਿਣ 'ਤੇ ਜ਼ੀਰਕਪੁਰ 'ਚ ਕਿਸੇ ਨੂੰ ਪੈਸੇ ਦੇਣ ਲਈ ਆਇਆ ਸੀ ਪਰ ਜਦੋਂ ਉਹ ਇੱਥੇ ਆਇਆ ਅਤੇ ਉਸਨੇ ਆਪਣੇ ਦੋਸਤ ਵਲੋਂ ਦਿੱਤੇ ਗਏ ਫੋਨ ਨੰਬਰ 'ਤੇ ਕਾਲ ਕੀਤੀ ਤਾਂ ਅੱਗੇ ਤੋਂ ਇਕ ਲੜਕੀ ਨੇ ਫੋਨ ਚੁੱਕਿਆ ਸੀ ਜਿਸ ਨੇ ਉਸਨੂੰ ਬਲੌਂਗੀ ਦੇ ਇਕ ਹੋਟਲ 'ਚ ਆਉਣ ਨੂੰ ਕਿਹਾ। ਉਸ ਨੇ ਦੱਸਿਆ ਕਿ ਉਹ ਉੱਥੇ ਆਇਆ ਅਤੇ ਉਸ ਨਾਲ ਮਿਲਿਆ ਜਿਸ ਤੋਂ ਬਾਅਦ ਉਸ ਨੇ ਉਸਨੂੰ 7 ਹਜ਼ਾਰ ਰੁਪਏ ਦੇ ਦਿੱਤੇ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਲੜਕੀ ਨੇ ਉਸ ਨੂੰ ਕਿਹਾ ਕਿ ਉਸਦੀ ਮਾਂ ਦੀ ਤਬੀਅਤ ਕਾਫ਼ੀ ਖ਼ਰਾਬ ਹੈ ਅਤੇ ਉਹ ਇਕ ਹਸਪਤਾਲ 'ਚ ਦਾਖ਼ਲ ਹੈ। ਇੰਨਾ ਬੋਲ ਕੇ ਉਹ ਉਸਦੀ ਕਾਰ ਲੈ ਕੇ ਆਪਣੀ ਮਾਂ ਦਾ ਹਾਲ ਜਾਣਨ ਲਈ ਚੱਲੀ ਗਈ ਪਰ ਕਾਫ਼ੀ ਸਮੇਂ ਤਕ ਇੰਤਜ਼ਾਰ ਕਰਨ ਬਾਅਦ ਵੀ ਉਹ ਵਾਪਸ ਨਹੀਂ ਆਈ। ਇਸ ਤੋਂ ਬਾਅਦ ਜਦੋਂ ਉਸਨੇ ਉਸਨੂੰ ਫੋਨ ਕੀਤਾ ਤਾਂ ਉਸਨੇ ਆਪਣਾ ਨੰਬਰ ਵੀ ਬੰਦ ਕਰ ਲਿਆ। ਉਸਨੂੰ ਅਹਿਸਾਸ ਹੋਇਆ ਕਿ ਉਸਦੇ ਨਾਲ ਧੋਖਾ ਹੋ ਗਿਆ ਹੈ ਅਤੇ ਲੜਕੀ ਉਸ ਤੋਂ ਪੈਸੇ ਅਤੇ ਉਸਦੀ ਕਾਰ ਦੋਨੋਂ ਲੈ ਕੇ ਫ਼ਰਾਰ ਹੋ ਗਈ ਹੈ।