ਸਟੇਟ ਬਿਊਰੋ, ਚੰਡੀਗੜ੍ਹ : ਕੋਰੋਨਾ ਦੀ ਜਾਂਚ ਨੂੰ ਲੈ ਕੇ ਬੇਹੱਦ ਰੋਮਾਂਚਕ ਤੱਥ ਜ਼ਾਹਰ ਹੋਏ ਹਨ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਕੋਰੋਨਾ ਰਿਪੋਰਟ ਪਹਿਲਾਂ ਪਾਜ਼ੇਟਿਵ ਆਈ ਸੀ। ਹੁਣ ਜਦੋਂ ਮੁੜ ਜਾਂਚ ਕਰਵਾਈ ਤਾਂ ਰਿਪੋਰਟ ਨੈਗੇਟਿਵ ਆਈ ਹੈ। ਪਹਿਲੀ ਜਾਂਚ ਪੰਜਾਬ ਦੇ ਸਿਹਤ ਵਿਭਾਗ ਨੇ ਕੀਤੀ ਸੀ ਤੇ ਦੂਜੀ ਜਾਂਚ ਪੀਜੀਆਈ ਵਿਚ ਕਰਵਾਈ ਗਈ ਹੈ। ਪਾਜ਼ੇਟਿਵ ਤੇ ਨੈਗੇਟਿਵ ਦੀ ਖੇਡ ਵਿਚ ਸਿਹਤ ਵਿਭਾਗ ਦੀ ਜਾਂਚ 'ਤੇ ਸਵਾਲ ਖੜ੍ਹੇ ਹੋ ਗਏ ਹਨ।

ਜਾਣਕਾਰੀ ਮੁਤਾਬਕ ਜੇਲ੍ਹ ਮੰਤਰੀ ਰੰਧਾਵਾ ਨੇ ਦੋ ਦਿਨ ਪਹਿਲਾਂ ਵਿਧਾਨ ਸਭਾ ਦੀ ਕਾਰਵਾਈ ਵਿਚ ਹਿੱਸਾ ਲੈਣ ਲਈ ਐੱਮਐੱਲਏ ਹੋਸਟਲ ਵਿਚ ਕੋਰੋਨਾ ਦਾ ਸੈਂਪਲ ਦਿੱਤਾ ਸੀ। ਵਿਧਾਨ ਸਭਾ ਦੀ ਕਾਰਵਾਈ ਵਿਚ ਹਿੱਸਾ ਲੈਣ ਲਈ ਵੀ ਕੋਰੋਨਾ ਰਿਪੋਰਟ ਹੋਣੀ ਲਾਜ਼ਮੀ ਹੁੰਦੀ ਹੈ, ਇਸ ਲਈ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੇ ਸੈਂਪਲ ਦਿੱਤੇ ਸਨ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਉਹ ਇਸ ਗੱਲ ਨੂੰ ਲੈ ਕੇ ਹੈਰਾਨ ਸਨ ਜਦਕਿ ਖ਼ੁਦ ਤੰਦਰੁਸਤ ਮਹਿਸੂਸ ਕਰ ਰਹੇ ਸਨ। ਉਨ੍ਹਾਂ ਅੰਦਰ ਕੋਰੋਨਾ ਦਾ ਕੋਈ ਲੱਛਣ ਨਹੀਂ ਸੀ ਤੇ ਅਗਸਤ 2020 ਵਿਚ ਉਹ ਪਹਿਲਾਂ ਵੀ 'ਕੋਰੋਨਾ ਪਾਜ਼ੇਟਿਵ' ਆ ਗਏ ਸਨ। ਫੇਰ ਇੰਨੀ ਜਲਦੀ ਕਿਵੇਂ ਮੁੜ ਕੋਰੋਨਾ ਹੋ ਗਿਆ। ਅਹਿਮ ਗੱਲ ਇਹ ਸੀ ਕਿ ਉਨ੍ਹਾਂ ਦੀ ਰਿਪੋਰਟ ਹੱਥੀਂ ਲਿਖੀ ਗਈ ਸੀ ਤੇ ਬਾਕੀ ਰਿਪੋਰਟਾਂ ਪਿ੍ਰੰਟ ਕੀਤੀਆਂ ਸਨ। ਆਪਣੀ ਸ਼ੰਕਾ ਮਿਟਾਉਣ ਲਈ ਉਨ੍ਹਾਂ ਨੇ ਪੀਜੀਆਈ ਵਿਚ ਮੁੜ ਸੈਂਪਲ ਦਿੱਤੇ। ਇਸ ਵਿਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ। ਰੰਧਾਵਾ ਦੀ ਭਾਵੇਂ ਰਿਪੋਰਟ ਨੈਗੇਟਿਵ ਆਈ ਹੈ ਪਰ ਸੂਬਾ ਸਰਕਾਰ ਦੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋ ਗਏ ਹਨ।

ਕਾਬਿਲੇ ਗ਼ੌਰ ਹੈ ਕਿ ਪਹਿਲਾਂ ਹੀ ਕੈਬਨਿਟ ਵਜ਼ੀਰ ਸੁਖਬਿੰਦਰ ਸਿੰਘ ਸਰਕਾਰੀਆ ਕੋਰੋਨਾ ਪਾਜ਼ੇਟਿਵ ਆ ਚੁੱਕੇ ਹਨ। ਜਦਕਿ ਕਾਂਗਰਸ ਦੀ ਇਕ ਵਿਧਾਇਕ ਇੰਦੂ ਬਾਲਾ ਪਾਜ਼ੇਟਿਵ ਆ ਚੁੱਕੀ ਹੈ।