ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਪਿੰਡ ਖੇੜੀ ਗੁੱਜਰਾਂ 'ਚ ਪਿਛਲੇ ਛੇ ਮਹੀਨੇ ਤੋਂ ਬਿਜਲੀ ਟ੍ਾਂਸਫਾਰਮਰ ਦੋਵੇਂ ਖੰਭੇ ਟੁੱਟਣ ਕਾਰਨ ਹਵਾ 'ਚ ਲਟਕ ਰਿਹਾ ਹੈ। ਇਸ ਨੂੰ ਠੀਕ ਕਰਵਾਉਣ ਲਈ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਨੂੰ ਕਈ ਵਾਰ ਬੇਨਤੀ ਕੀਤੀ ਹੈ ਪਰ ਅਜੇ ਤਕ ਵੀ ਪਾਵਰਕਾਮ ਵਿਭਾਗ ਨੇ ਇਨਾਂ੍ਹ ਨੂੰ ਠੀਕ ਨਹੀਂ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸ਼ਾਇਦ ਬਿਜਲੀ ਵਿਭਾਗ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਟ੍ਾਂਸਫਾਰਮਰ ਪਿੰਡ ਦੀ ਫਿਰਨੀ 'ਤੇ ਲੱਗਿਆ ਹੋਇਆ ਹੈ, ਜਿੱਥੋਂ ਰੋਜ਼ਾਨਾ ਪਿੰਡ ਦੇ ਸੈਂਕੜੇ ਲੋਕ ਆਪਣੇ ਕੰਮਾਂ-ਕਾਰਾਂ ਲਈ ਪਿੰਡ ਤੋਂ ਬਾਹਰ ਜਾਂਦੇ ਹਨ ਜਿਸ ਕਾਰਨ ਇੱਥੇ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ 'ਚੋਂ ਮਿੱਟੀ ਦੇ ਲੰਘਣ ਵਾਲੇ ਟਿੱਪਰਾਂ 'ਨੇ ਟ੍ਾਂਸਫਾਰਮਰ ਦੇ ਖੰਭੇ ਤੋੜੇ ਹਨ। ਟ੍ਾਂਸਫਾਰਮਰ ਤੋਂ ਲਾਈਨ ਕੱਟਣੀ ਪਵੇ ਤਾਂ ਉਸ 'ਚ ਵੀ ਖਤਰੇ ਵਾਲੀ ਗੱਲ ਹੈ ਕਿਉਂਕਿ ਕਿਸੇ ਸਮੇਂ ਵੀ ਇਹ ਥੱਲੇ ਡਿਗ ਸਕਦਾ ਹੈ। ਬਿਜਲੀ ਵਿਭਾਗ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਅੱਜ ਤੱਕ ਕੋਈ ਬਿਜਲੀ ਵਿਭਾਗ ਦਾ ਕਰਮਚਾਰੀ ਉਕਤ ਟ੍ਾਂਸਫਾਰਮਰ ਨੂੰ ਠੀਕ ਕਰਨ ਲਈ ਨਹੀਂ ਪਹੁੰਚਿਆ, ਜਿਸ ਕਾਰਨ ਪਿੰਡ ਵਾਸੀਆਂ 'ਚ ਪਾਵਰਕਾਮ ਵਿਭਾਗ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸਨੂੰ ਠੀਕ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇ। ਇਸ ਬਾਰੇ ਐੱਸਡੀਓ ਡੇਰਾਬੱਸੀ ਕਮਲਪ੍ਰਰੀਤ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਉਹ ਅੱਜ ਹੀ ਡੇਰਾਬੱਸੀ ਸਟੇਸ਼ਨ 'ਤੇ ਤਾਇਨਾਤ ਹੋਏ ਹਨ, ਉਹ ਸਮੱਸਿਆ ਦਾ ਪਤਾ ਕਰਕੇ ਇਸਨੂੰ ਹੱਲ ਕਰਵਾ ਦੇਣਗੇ।