ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਹਲਕਾ ਡੇਰਾਬੱਸੀ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਸਬ ਡਿਵੀਜ਼ਨ ਪੱਧਰ ਦਾ ਮਿੰਨੀ ਸਕੱਤਰੇਤ ਚੰਡੀਗੜ੍ਹ-ਅੰਬਾਲਾ ਰੋਡ 'ਤੇ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਦਾਲਤੀ ਕੰਪਲੈਕਸ ਸਣੇ ਸਾਰੇ ਸਰਕਾਰੀ ਦਫ਼ਤਰ ਇਕ ਛੱਤ ਹੇਠ ਹੋਣ ਨਾਲ ਜਿੱਥੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਥੇ ਡੇਰਾਬੱਸੀ ਨੂੰ ਗੇਟਵੇਅ ਆਫ਼ ਪੰਜਾਬ ਦੇ ਤੌਰ 'ਤੇ ਵਿਕਸਤ ਕਰਨ ਦੇ ਪੰਜਾਬ ਸਰਕਾਰ ਦੇ ਟੀਚੇ ਨੂੰ ਬੂਰ ਪਵੇਗਾ।

ਐਡਵੋਕੇਟ ਅਨਮੋਲ ਸਿੰਘ, ਐਡਵੋਕੇਟ ਪ੍ਰਦੀਪ ਕੁਮਾਰ, ਪੋ੍ਮਦ ਕੁਮਾਰ, ਰਾਜ ਸਿੰਘ, ਦਵਿੰਦਰ ਸਿੰਘ, ਰਾਜੇਸ਼ ਰਾਣਾ, ਜਗਤਾਰ ਸਿੰਘ ਆਦਿ ਨੇ ਦੱਸਿਆ ਕਿ ਸਰਕਾਰਾਂ ਲੰਬੇ ਸਮੇਂ ਤੋਂ ਹਰਿਆਣਾ ਦੀ ਹੱਦ 'ਤੇ ਵਸੇ ਹਲਕਾ ਡੇਰਾਬੱਸੀ ਨੂੰ 'ਗੇਟਵੇ ਆਫ਼ ਪੰਜਾਬ' ਵਜੋਂ ਵਿਕਸਤ ਕਰਨ ਦੇ ਦਾਅਵੇ ਕਰ ਰਹੀ ਹੈ। ਇਸ ਨੂੰ ਲੈ ਕੇ ਉਨ੍ਹਾਂ ਨੂੰ ਇੱਥੇ ਹੋਰ ਸੂਬਿਆਂ ਦੀ ਸਬ-ਡਿਵੀਜ਼ਨਾਂ ਵਾਂਗ ਇੱਥੋਂ ਦਾ ਮਿੰਨੀ ਸਕੱਤਰੇਤ ਚੰਡੀਗੜ੍ਹ-ਅੰਬਾਲਾ ਕੌਮੀ ਰੋਡ 'ਤੇ ਯੋਗ ਥਾਂ 'ਤੇ ਬਣਾਉਣਾ ਚਾਹੀਦਾ ਹੈ। ਇਸ ਵੇਲੇ ਡੇਰਾਬੱਸੀ ਦਾ ਅਦਾਲਤੀ ਕੰਪਲੈਕਸ ਅਤੇ ਤਹਿਸੀਲ ਕੰਪਲੈਕਸ 'ਚ ਹੀ ਚੱਲ ਰਿਹਾ ਹੈ। ਇਹ ਕਾਫ਼ੀ ਭੀੜ ਭਾੜ ਵਾਲੀ ਥਾਂ ਹੋਣ ਕਾਰਨ ਇਥੇ ਹਰ ਵੇਲੇ ਪਾਰਕਿੰਗ ਨਾ ਮਿਲਣ ਕਾਰਨ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਜੇ ਪੰਜਾਬ ਸਰਕਾਰ ਕੋਲ ਯੋਗ ਫ਼ੰਡ ਨਹੀਂ ਹਨ ਤਾਂ ਉਹ ਤਹਿਸੀਲ ਕੰਪਲੈਕਸ 'ਚ ਪਹਿਲਾਂ ਬਣੀ ਇਮਾਰਤ 'ਚ ਨਗਰ ਕੌਂਸਲ ਦਾ ਦਫ਼ਤਰ ਵੀ ਉਸਾਰਿਆ ਜਾ ਸਕਦਾ ਹੈ ਜੋ ਇਸ ਇਸ ਵੇਲੇ ਆਰਜ਼ੀ ਤੌਰ 'ਤੇ ਸੈਣੀ ਭਵਨ 'ਚ ਚਲ ਰਿਹਾ ਹੈ।

ਜਦੋਂਕਿ ਪੁਰਾਣੇ ਨਗਰ ਕੌਂਸਲ ਦਫ਼ਤਰ ਨੂੰ ਢਾਹ ਕੇ ਉਸ ਥਾਂ ਨੂੰ ਯੋਜਨਾ ਮੁਤਾਬਿਕ ਬੱਸ ਸਟੈਂਡ ਲਈ ਵਰਤਿਆ ਜਾ ਸਕਦਾ ਹੈ। ਹਾਈਵੇਅ 'ਤੇ ਮਿੰਨੀ ਸਕਤਰੇਤ ਦੀ ਉਸਾਰੀ ਹੋਣ ਮਗਰੋਂ ਹਾਈਵੇਅ 'ਤੇ ਸਿਵਲ ਹਸਪਤਾਲ ਨਾਲ ਚੱਲ ਰਹੇ ਬੀਡੀਪੀਓ ਦਫ਼ਤਰ ਨੂੰ ਵੀ ਇਥੇ ਤਬਦੀਲ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਮੁਬਾਰਿਕਪੁਰ ਵਿਖੇ ਚਲ ਰਿਹਾ ਡੀਐੱਸਪੀ ਦਫ਼ਤਰ, ਬਰਵਾਲਾ ਰੋਡ 'ਤੇ ਇਨਡੋਰ ਖੇਡ ਸਟੇਡੀਅਮ 'ਚ ਚੱਲ ਰਹੇ ਲੇਬਰ ਇੰਸਪੈਕਟਰ ਦਾ ਦਫ਼ਤਰ ਆਦਿ ਜੋ ਕਿਰਾਏ ਦੀ ਇਮਾਰਤਾਂ 'ਚ ਚੱਲ ਰਹੇ ਹਨ, ਉਨ੍ਹਾਂ ਨੂੰ ਵੀ ਥਾਂ ਮਿਲ ਜਾਵੇਗੀ।

--------------------

ਕੀ ਕਹਿਣਾ ਹੈ ਵਿਧਾਇਕ ਦਾ

ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਸਬ ਡਿਵੀਜ਼ਨ ਪੱਧਰ ਦਾ ਮਿੰਨੀ ਸਕੱਤਰੇਤ ਹਾਈਵੇਅ 'ਤੇ ਉਸਾਰਨ ਦੀ ਯੋਜਨਾ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਛੱਤ ਹੇਠ ਸਾਰੇ ਸਰਕਾਰੀ ਦਫ਼ਤਰ ਆਉਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ।