ਪੰਜਾਬੀ ਜਾਗਰਣ ਕੇਂਦਰ, ਚੰਡੀਗੜ੍ਹ : ਇਸਤਰੀ ਜਾਗਿ੍ਤੀ ਮੰਚ ਦੇ ਸਕੱਤਰ ਅਮਨਦੀਪ ਕੌਰ ਨੇ ਦੱਸਿਆ ਹੈ ਕਿ ਸੂਬੇ ਵਿਚ ਲਗਾਤਾਰ ਵਧ ਰਹੇ ਘਰੇਲੂ ਹਿੰਸਾ ਦੇ ਕੇਸਾਂ ਵਿਚ ਔਰਤਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ ਇਸ ਦਾ ਪ੍ਰਮੁੱਖ ਕਾਰਨ ਔਰਤਾਂ ਦੀ ਇਸ ਸਮਾਜ ਦੀ ਸਮੁੱਚੀ ਜਾਇਦਾਦ ਵਿੱਚੋਂ ਹਿੱਸੇਦਾਰੀ ਨਾਂਮਾਤਰ ਹੀ ਹੈ। ਹਜ਼ਾਰਾਂ ਲੜਕੀਆਂ ਦੇ ਕੇਸ ਅਦਾਲਤਾਂ ਵਿਚ ਚੱਲ ਰਹੇ ਹਨ। ਅਦਾਲਤਾਂ ਵਿਚ ਵੀ ਖ਼ਰਚੇ ਦੇ ਕੇਸ ਸਾਲਾਂਬੱਧੀ ਲਟਕਦੇ ਰਹਿੰਦੇ ਹਨ ਤੇ ਵਾਰੰਟ ਜਾਰੀ ਹੋਣ ਦੇ ਬਾਵਜੂਦ ਪੁਲਿਸ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕਰਦੀ ਹੈ।

ਆਗੂਆਂ ਨੇ ਮੰਗ ਪੱਤਰ ਰਾਹੀਂ ਇਸਤਰੀ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਤੋਂ ਮੰਗ ਕੀਤੀ ਹੈ ਕਿ ਪੀੜਤ ਲੜਕੀਆਂ ਨੂੰ ਖ਼ਰਚਾ ਸਰਕਾਰੀ ਖਜ਼ਾਨੇ ਵਿੱਚੋਂ ਨਾ ਮਿਲੇ ਤਾਂ ਅਦਾਲਤਾਂ ਨੂੰ ਖਰਚੇ ਲਈ ਪਾਬੰਦ ਕੀਤਾ ਜਾਵੇ। ਬੇਸਹਾਰਾ ਪੀੜਤ ਕੁੜੀਆਂ ਦੇ ਵਸੇਬੇ ਲਈ ਹਰੇਕ ਜ਼ਿਲ੍ਹੇ ਵਿਚ ਸ਼ੈਲਟਰ ਹੋਮ ਬਣਾਉਣੇ ਯਕੀਨੀ ਬਣਾਏ ਜਾਣ। ਪੀੜਤ ਕੁੜੀਆਂ ਦੇ ਵਸੇਬੇ ਲਈ ਸਰਕਾਰ ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰੇ। ਇਸ ਮੌਕੇ ਇਸਤਰੀ ਜਾਗਿ੍ਤੀ ਮੰਚ ਦੇ ਆਗੂ ਜਗਜੀਤ ਕੌਰ ਤੇ ਸੰਦੀਪ ਕੌਰ ਹਾਜ਼ਰ ਸਨ।