ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਆਗੂਆਂ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਪੂਰੀ ਤਰ੍ਹਾਂ ਨਾਕਾਮੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ ਹੈ। ਪਾਰਟੀ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀਆਂ ਨੂੰ ਫੜਨ 'ਚ ਪੰਜਾਬ ਪੁਲਿਸ ਦੀ ਨਾਕਾਮੀ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਪਾਰਟੀ ਨੇ ਸਵਾਲ ਕੀਤਾ ਕਿ ਜੇਕਰ ਮੁੱਖ ਮੰਤਰੀ ਨੂੰ ਧਮਕੀਆਂ ਮਿਲ ਰਹੀਆਂ ਹਨ ਤਾਂ ਪੰਜਾਬ ਵਿੱਚ ਕੌਣ ਸੁਰੱਖਿਅਤ ਰਹਿ ਸਕਦਾ ਹੈ?

ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਆਗੂਆਂ ਨੇ ਕਿਹਾ ਕਿ ਸੂਬੇ ਦੇ ਹਾਲਾਤ ਤੇਜ਼ੀ ਨਾਲ ਵਿਗੜਦੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਇਹ ਇਸ ਮੁਕਾਮ ’ਤੇ ਨਾ ਪਹੁੰਚ ਜਾਣ ਕਿ ਵਾਪਸੀ ਨਾ ਹੋ ਸਕੇ।

ਪ੍ਰੈਸ ਕਾਨਫਰੰਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਉਪ ਨੇਤਾ ਰਾਜ ਕੁਮਾਰ ਚੱਬੇਵਾਲ, ਸਾਬਕਾ ਮੰਤਰੀ ਸੁੱਖ ਸਰਕਾਰੀਆ ਅਤੇ ਸੀਨੀਅਰ ਆਗੂ ਸੁਖਪਾਲ ਖਹਿਰਾ ਵੀ ਮੌਜੂਦ ਸਨ।

ਵੜਿੰਗ ਨੇ ਕਿਹਾ ਕਿ 24 ਦਿਨ ਬੀਤ ਚੁੱਕੇ ਹਨ ਅਤੇ ਪੰਜਾਬ ਪੁਲਿਸ ਅਜੇ ਤੱਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਸੁਰਾਗ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਵੀ ਤਰੱਕੀ ਹੋਈ ਹੈ, ਉਹ ਦਿੱਲੀ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਦੀ ਬਦੌਲਤ ਹੈ। ਉਨ੍ਹਾਂ ਪੰਜਾਬ ਪੁਲਿਸ ਤੋਂ ਪੁੱਛਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿੱਚ ਹੁਣ ਤੱਕ ਕੀ ਕੀਤਾ ਹੈ। ਇੱਥੋਂ ਤੱਕ ਕਿ ਮੁੱਖ ਸ਼ੱਕੀ ਲਾਰੈਂਸ ਵਿਸ਼ਨੋਈ ਨੂੰ ਵੀ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਕੇਸ ਦੇ ਹਵਾਲੇ ਕੀਤਾ ਸੀ, ਜਿਸ ਨੂੰ ਉਹ ਆਪਣੀ ਵੱਡੀ ਕਾਮਯਾਬੀ ਦੱਸ ਰਹੀ ਹੈ।

ਸੂਬੇ ਵਿੱਚ ਲੋਕਾਂ ਨੂੰ ਆ ਰਹੀਆਂ ਫਿਰੌਤੀ ਦੀਆਂ ਕਾਲਾਂ ਦਾ ਜ਼ਿਕਰ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਵੀ ਧਮਕੀਆਂ ਦੀਆਂ ਕਾਲਾਂ ਆਈਆਂ ਸਨ। ਹਾਲਾਂਕਿ, ਇੱਕ ਸਮਝਦਾਰ ਮੁੱਖ ਮੰਤਰੀ ਇਹ ਕਦੇ ਵੀ ਲੋਕਾਂ ਨੂੰ ਨਹੀਂ ਦੱਸੇਗਾ, ਭਾਵੇਂ ਉਸ ਨੂੰ ਅਸਲ ਵਿੱਚ ਧਮਕੀ ਭਰੀ ਕਾਲ ਆਇਆ ਹੋਵੇ, ਕਿਉਂਕਿ ਇਸ ਨਾਲ ਲੋਕਾਂ ਦਾ ਸਰਕਾਰ ਤੋਂ ਪਹਿਲਾਂ ਹੀ ਹੱਟਿਆ ਭਰੋਸਾ ਹੋਰ ਟੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕ ਸੋਚਣਗੇ ਕਿ ਜੇਕਰ ਮੁੱਖ ਮੰਤਰੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਤਾਂ ਦੂਜਿਆਂ ਦਾ ਕੀ ਹਾਲ ਹੋਵੇਗਾ ਜਾਂ ਅਜਿਹਾ ਕਰਕੇ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਅਤੇ ਲੋਕਾਂ ਨੂੰ ਦੱਸ ਰਹੇ ਹਨ ਕਿ ਉਹ ਕੀ ਕਰ ਸਕਦੇ ਹਨ, ਉਨ੍ਹਾਂ ਨੂੰ ਖੁਦ ਵੀ ਧਮਕੀਆਂ ਮਿਲ ਰਹੀਆਂ ਹਨ।

ਪਿਛਲੀ ਸਰਕਾਰ 'ਤੇ ਗੈਂਗਸਟਰ ਕਲਚਰ ਦੇ ਦੋਸ਼ ਲਾਉਂਣ ਵਾਲੀ 'ਆਪ' ਸਰਕਾਰ ਦੀ ਆਲੋਚਨਾ ਕਰਦਿਆਂ ਬਾਜਵਾ ਨੇ ਕਿਹਾ ਕਿ ਤਿਹਾੜ ਜੇਲ੍ਹ ਦੇਸ਼ ਦੀ ਸਭ ਤੋਂ ਸੁਰੱਖਿਅਤ ਜੇਲ੍ਹ ਮੰਨੀ ਜਾਂਦੀ ਹੈ। ਪਿਛਲੇ ਕਈ ਸਾਲਾਂ ਤੋਂ ਮੁੱਖ ਮੁਲਜ਼ਮ ਲਾਰੈਂਸ ਬਿਸ਼ਨੋਈ ਇਸੇ ਜੇਲ੍ਹ ਵਿੱਚ ਸੀ। ਅਜਿਹੇ 'ਚ ਉਨ੍ਹਾਂ ਨੇ ਸਾਰੀ ਜ਼ਿੰਮੇਵਾਰੀ ਦਿੱਲੀ ਦੀ 'ਆਪ' ਸਰਕਾਰ ਦੀ ਦੱਸੀ, ਜਿਸ ਤਹਿਤ ਤਿਹਾੜ ਜੇਲ੍ਹ ਆਉਂਦੀ ਹੈ। ਉਨ੍ਹਾਂ ਪੁੱਛਿਆ ਕਿ ਬਿਸ਼ਨੋਈ ਨੂੰ ਤਿਹਾੜ ਜੇਲ੍ਹ ਵਿੱਚ ਸਾਰੀਆਂ ਸਹੂਲਤਾਂ ਕਿਵੇਂ ਮਿਲ ਰਹੀਆਂ ਹਨ।

ਸੁਖਜਿੰਦਰ ਰੰਧਾਵਾ ਨੇ ਸਰਕਾਰ ਨੂੰ ਕਿਹਾ ਕਿ ਉਹ ਲੋਕਾਂ ਨੂੰ ਦੱਸੇ ਕਿ ਬਿਸ਼ਨੋਈ ਨੇ ਆਪਣੀ ਹਿਰਾਸਤੀ ਪੁੱਛਗਿੱਛ ਦੌਰਾਨ ਕੀ ਖੁਲਾਸਾ ਕੀਤਾ। ਉਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਬਿਸ਼ਨੋਈ ਨੂੰ ਮੋਬਾਈਲ ਕਿਸ ਨੇ ਮੁਹੱਈਆ ਕਰਵਾਇਆ, ਜਿਸ ਰਾਹੀਂ ਉਸ ਨੇ ਮੂਸੇਵਾਲਾ ਨੂੰ ਮਰਵਾਇਆ ਅਤੇ ਉਸ ਨੂੰ ਆਧੁਨਿਕ ਹਥਿਆਰ ਕਿਸ ਨੇ ਮੁਹੱਈਆ ਕਰਵਾਏ। ਉਨ੍ਹਾਂ ਕਿਹਾ ਕਿ ਤਿਹਾੜ ਜੇਲ੍ਹ ਦਾ ਕੰਟਰੋਲ ਕੇਂਦਰ ਕੋਲ ਨਹੀਂ, ਦਿੱਲੀ ਸਰਕਾਰ ਕੋਲ ਹੈ, ਜਿਸ ਦੀ ਸਾਰੀ ਜ਼ਿੰਮੇਵਾਰੀ ‘ਆਪ’ ਸਰਕਾਰ ਦੀ ਹੈ।

ਸਾਬਕਾ ਉਪ ਮੁੱਖ ਮੰਤਰੀ ਨੇ ਸਰਕਾਰ ਨੂੰ ਇਹ ਵੀ ਦੱਸਣ ਲਈ ਕਿਹਾ ਹੈ ਕਿ ਉਸ ਨੇ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਕੇਸ ਕਿਉਂ ਨਹੀਂ ਦਰਜ ਕੀਤਾ, ਜੋ ਖੁੱਲ੍ਹੇਆਮ ਕਹਿ ਰਿਹਾ ਹੈ ਕਿ ਉਸ ਨੇ 'ਆਪ' ਦੀ ਚੋਣ ਮੁਹਿੰਮ ਲਈ ਫੰਡਿੰਗ ਕੀਤੀ ਸੀ। ਉਨ੍ਹਾਂ ਸਵਾਲ ਕੀਤਾ ਕਿ ਭਗਵੰਤ ਮਾਨ ਇਸ ਬਾਰੇ ਚੁੱਪ ਕਿਉਂ ਹਨ ਤੇ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ।

ਕਾਂਗਰਸੀ ਆਗੂਆਂ ਨੇ ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਨਿਰਪੱਖਤਾ ਦੇ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ ਹੈ, ਜੋ ਪੰਜਾਬ ਵਿੱਚ ਸਭ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਸੁਰੱਖਿਆ ਲਈ ਸਰਕਾਰ 'ਤੇ ਦਬਾਅ ਬਣਾਉਂਦੀ ਰਹੇਗੀ।

Posted By: Jagjit Singh