ਪੰਜਾਬੀ ਜਾਗਰਣ ਟੀਮ, ਨਵਾਂਗਰਾਓਂ : ਸ਼ਨਿੱਚਰਵਾਰ ਰਾਤ ਨੂੰ ਇਲਾਕੇ ਦੇ ਮਾਂ ਮਨਸਾ ਦੇਵੀ ਸੁਸਾਇਟੀ 'ਚ ਇਕ ਮਕਾਨ ਤੋਂ ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਮਕਾਨ 'ਚੋਂ ਐੱਲਈਡੀ ਟੀਵੀ, ਗੈਸ ਸਿਲੰਡਰ, ਕਰਾਕਰੀ ਦਾ ਸਾਮਾਨ ਅਤੇ 65000 ਨਗਦੀ ਚੁੱਕ ਕੇ ਲੈ ਗਏ। ਇਕ ਹਫਤੇ 'ਚ ਇਹ ਸ਼ਹਿਰ ਦੀ ਚੌਥੀ ਚੋਰੀ ਹੈ। ਮਾਂ ਮਨਸਾ ਦੇਵੀ ਸੁਸਾਇਟੀ 'ਚ ਰਹਿਣ ਵਾਲੇ ਸਤੀਸ਼ ਕੁਮਾਰ ਆਪਣੇ ਘਰ ਹਰਦੁਆਰ ਗਏ ਹੋਏ ਸੀ। ਉਨਾਂ੍ਹ ਦੇ ਘਰ ਉਨਾਂ੍ਹ ਦੀਆਂ ਦੋ ਬੇਟੀਆਂ ਸੀ। ਵੱਡੀ ਧੀ ਜੋਤੀ ਨੇ ਦੱਸਿਆ ਕਿ ਸ਼ਾਮ ਨੂੰ ਲੱਗਭੱਗ 7 ਵਜੇ ਉਹ ਘਰ ਦਾ ਤਾਲਾ ਲਗਾਕੇ ਨਵਾਂਗਰਾਓਂ 'ਚ ਹੀ ਆਪਣੀ ਮਾਸੀ ਦੇ ਘਰ ਚਲੇ ਗਈਆਂ। ਸਵੇਰੇ 6 .30 ਵਜੇ ਜਦੋਂ ਵਾਪਸ ਘਰ ਆਈਆਂ ਤਾਂ ਵੇਖਿਆ ਕਿ ਘਰ ਦਾ ਬਾਹਰ ਤੋਂ ਤਾਲਾ ਲੱਗਾ ਹੋਇਆ ਸੀ ਪਰ ਅੰਦਰ ਪੂਰਾ ਸਾਮਾਨ ਬਿਖਰਿਆ ਪਿਆ ਹੋਇਆ ਸੀ। ਇਹ ਦੇਖਕੇ ਉਹ ਘਬਰਾ ਗਈਆਂ ਅਤੇ ਇਸਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ। ਮੌਕੇ 'ਤੇ ਪੁਲਿਸ ਦੇ ਆਉਣ ਦੇ ਬਾਅਦ ਵੇਖਿਆ ਕਿ ਚੋਰ ਘਰ 'ਚ ਇਕ ਐੱਲਈਡੀ ਟੀਵੀ, ਸਿਲੰਡਰ, ਕਰਾਕਰੀ ਦਾ ਸਾਮਾਨ ਅਤੇ 65000 ਚੁੱਕਕੇ ਲੈ ਗਏ। ਜੋਤੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਭੱਟ ਜਨਰਲ ਸਟੋਰ ਦੇ ਨਾਮ ਨਾਲ ਇੱਕ ਦੁਕਾਨ ਹੈ। ਇਹ ਕੈਸ਼ ਉਨਾਂ੍ਹ ਦੀ ਦੁਕਾਨ 'ਤੇ ਹੋਈ ਸ਼ਨਿੱਚਰਵਾਰ ਦੀ ਵਿਕਰੀ ਦਾ ਸੀ। ਚੋਰ ਮਕਾਨ ਦੇ ਨੇੜੇ ਬੰਦ ਪਏ ਦੂਜੇ ਮਕਾਨ ਦੀ ਦੀਵਾਰ 'ਤੇ ਲੋਹੇ ਦੀਆਂ ਪੌੜੀਆਂ ਲਗਾਕੇ ਚੜ੍ਹੇ ਸਨ ਅਤੇ ਮੋਂਟੀ ਦਾ ਦਰਵਾਜ਼ਾ ਤੋੜਕੇ ਘਰ ਅੰਦਰ ਦਾਖ਼ਲ ਹੋਏ ਹਨ। ਚੋਰੀ ਦੀ ਸੂਚਨਾ ਮਿਲਣ 'ਤੇ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਇਲਾਕੇ ਦਾ ਪੂਰਾ ਮੁਆਇਨਾ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਇਲਾਕੇ ਦੀ ਤਿੰਨ ਦੁਕਾਨਾਂ 'ਚ ਤਾਲੇ ਤੋੜਕੇ ਚੋਰੀ ਹੋਈ ਸੀ।