ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫੰਡ (ਆਰਡੀਐੱਫ) 'ਚ ਕਟੌਤੀ ਕੀਤੇ ਜਾਣ 'ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਖ਼ਤ ਸ਼ਬਦਾਂ 'ਚ ਨਿੰਦਿਆ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਦੀ ਅਗਵਾਈ ਕਰਨ ਕਾਰਨ ਹੀ ਕੇਂਦਰ ਸਰਕਾਰ ਹੁਣ ਪੰਜਾਬ ਤੋਂ ਬਦਲਾ ਲੈਣ ਲਈ ਉਤਾਰੂ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦਾ ਪੰਜਾਬ ਨੂੰ ਮਿਲਦੇ ਤਿੰਨ ਫੀਸਦ ਪੇਂਡੂ ਵਿਕਾਸ ਫੰਡ ਨੂੰ ਘਟਾ ਕੇ ਇਕ ਫੀਸਦ ਕਰ ਦੇਣ ਦਾ ਫ਼ੈਸਲਾ ਇੱਕਪਾਸੜ ਹੈ ਅਤੇ ਕੇਂਦਰ ਹੁਣ ਵਿਤਕਰੇ ਦੀ ਰਾਹ 'ਤੇ ਚੱਲ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਫੰਡ ਪੇਂਡੂ ਵਿਕਾਸ 'ਤੇ ਹੀ ਖਰਚ ਹੁੰਦਾ ਹੈ ਪਰ ਕੇਂਦਰ ਨੇ ਪੈਸਾ ਘਟਾ ਕੇ ਪੰਜਾਬ ਦੇ ਵਿਕਾਸ ਕੰਮਾਂ 'ਚ ਰੁਕਵਾਟ ਖੜ੍ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਪਹਿਲਾਂ ਕੇਂਦਰ ਨੇ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਡਰਾਉਣ ਲਈ ਕੇਂਦਰੀ ਜਾਂਚ ਏਜੰਸੀ ਦੀ ਦੁਰਵਰਤੋਂ ਕੀਤੀ ਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭਿਜਵਾਏ ਗਏ। ਹੁਣ ਜਦੋਂ ਕੇਂਦਰ ਦੀਆਂ ਸਾਰੀਆਂ ਕੋਝੀਆਂ ਸਾਜਿਸ਼ਾਂ ਨਾਕਾਮ ਹੋ ਚੁੱਕੀਆਂ ਹਨ ਤਾਂ ਪੰਜਾਬ ਦੇ ਪੇਂਡੂ ਵਿਕਾਸ ਕੰਮਾਂ ਵਿੱਚ ਲੱਗਣ ਵਾਲੇ ਪੈਸਿਆਂ ਵਿੱਚ ਕਟੌਤੀ ਕਰਕੇ ਕੇਂਦਰ ਸਰਕਾਰ ਸੂਬੇ ਦੇ ਲੋਕਾਂ ਨਾਲ ਧੱਕਾ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਕਟੌਤੀ ਨਾਲ ਸੂਬੇ ਨੂੰ ਵਿੱਤੀ ਰੂਪ 'ਚ ਵੱਡੀ ਮਾਰ ਝੱਲਣੀ ਪਵੇਗੀ ਤੇ ਇਸ ਫ਼ੈਸਲੇ ਦਾ ਸਿੱਧਾ ਅਸਰ ਪੇਂਡੂ ਵਿਕਾਸ 'ਤੇ ਪਵੇਗਾ। ਢੀਂਡਸਾ ਨੇ ਕਿਹਾ ਕਿ ਕੇਂਦਰ ਨੂੰ ਵੱਡਾ ਦਿਲ ਦਿਖਾਉਂਦਿਆਂ ਇੰਝ ਵਿਤਕੇਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਫੰਡ ਵਿੱਚ ਕੀਤੀ ਗਈ ਕਟੌਤੀ ਦਾ ਫ਼ੈਸਲਾ ਵਾਪਸ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੀ ਇਸ ਦੇ ਵਿਰੁਧ ਕੋਈ ਕਾਨੂੰਨੀ ਰਾਹ ਲੱਭਣ ਲਈ ਕਿਹਾ ਹੈ। ਜਿਸ ਨਾਲ ਕੇਂਦਰ ਦੀ ਇਸ ਕੋਝੀ ਸਾਜਿਸ਼ ਨੂੰ ਨਾਕਾਮ ਕੀਤਾ ਜਾ ਸਕੇ।

Posted By: Amita Verma