-ਨਹੀਂ ਰੁਕ ਰਿਹਾ ਨਾੜ ਨੂੰ ਅੱਗ ਲਾਉਣ ਦਾ ਰੁਝਾਨ

ਜੇਐੱਸ ਕਲੇਰ, ਜ਼ੀਰਕਪੁਰ : ਜ਼ੀਰਕਪੁਰ ਅਤੇ ਆਸ-ਪਾਸ ਦੇ ਪਿੰਡਾਂ 'ਚ ਕਣਕ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤਾਂ 'ਚ ਬੱਚੀ ਹੋਈ ਨਾੜ ਨੂੰ ਅੱਗ ਲਗਾਉਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਨਾੜ ਨੂੰ ਨਾ ਸਾੜਨ ਬਾਰੇ ਜਾਗਰੂਕ ਕੀਤੇ ਜਾਣ ਦਾ ਕੋਈ ਬਹੁਤਾ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ, ਕਿਉਂਕਿ ਸ਼ਹਿਰ ਅੰਦਰ ਕਿਸਾਨਾਂ ਵੱਲੋਂ ਕਣਕ ਦੀ ਰਹਿੰਦ-ਖੂੰਹਦ ਤੇ ਨਾੜ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਰੋਜ਼ਾਨਾ ਹੀ ਵਾਪਰ ਰਹੀਆਂ ਹਨ। ਸਬੰਧਤ ਵਿਭਾਗਾਂ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਨਾੜ ਨੂੰ ਅੱਗ ਲਾਉਣ ਜਾਂ ਲੱਗਣ ਦੀਆਂ ਘਟਨਾਵਾਂ ਜ਼ਿਆਦਾ ਹਨ।

ਅੱਗ ਲਗਾਉਣ ਨਾਲ ਜਿੱਥੇ ਸੜਕਾਂ 'ਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ, ਉੱਥੇ ਹੀ ਆਮ ਲੋਕਾਂ ਨੂੰ ਵੀ ਅਨੇਕਾਂ ਹੀ ਜਿਸਮਾਨੀ ਬਿਮਾਰੀਆਂ ਨਾਲ ਵੀ ਜੂਝਣਾ ਪੈ ਰਿਹਾ ਹੈ। ਪ੍ਰਰਾਪਤ ਜਾਣਕਾਰੀ ਜ਼ੀਰਕਪੁਰ ਦੇ ਨਜ਼ਦੀਕੀ ਪਿੰਡ ਕਿਸ਼ਨਪੁਰਾ 'ਚ ਨਾੜ ਦੇ ਖੇਤਾਂ ਨੂੰ ਵੱਡੇ ਪੱਧਰ 'ਤੇ ਅੱਗ ਲਗਾਈ ਗਈ ਹੈ, ਜਿਸ ਕਾਰਣ ਸੜਕਾਂ ਕਿਨਾਰੇ ਲੱਗੇ ਹੋਏ ਵੱਡੀ ਗਿਣਤੀ 'ਚ ਛਾਂਦਾਰ ਦਰੱਖਤ ਝੁਲਸ ਗਏ ਹਨ। ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਤਾਪਮਾਨ 'ਚ ਭਾਰੀ ਵਾਧਾ ਹੋ ਰਿਹਾ ਹੈ, ਗਰਮੀ ਤੇ ਪ੍ਰਦੂਸ਼ਣ ਵੱਧ ਰਿਹਾ ਹੈ, ਉੱਥੇ ਹੀ ਜਾਨਵਰ ਤੇ ਪੰਛੀ ਵੀ ਤ੍ਰਾਹ-ਤ੍ਰਾਹ ਕਰ ਰਹੇ ਹਨ। ਖੇਤਾਂ 'ਚ ਅੱਗ ਲਗਾਉਣ ਨਾਲ ਕਿਸਾਨਾਂ ਦੇ ਮਿੱਤਰ ਜੀਵ ਵੀ ਮਰ ਰਹੇ ਹਨ, ਜਿਸ ਦਾ ਅਸਰ ਅਗਲੇਰੀ ਫਸਲ ਦੀ ਪੈਦਾਵਰ 'ਤੇ ਵੀ ਪੈ ਰਿਹਾ ਹੈ। ਨਾੜ ਨੂੰ ਅੱਗ ਲਗਾਉਣ ਨਾਲ ਸੜਕਾਂ 'ਤੇ ਵਾਪਰ ਰਹੇ ਹਾਦਸਿਆਂ 'ਚ ਵੀ ਬੇਸ਼ੁਮਾਰ ਵਾਧਾ ਹੋ ਰਿਹਾ ਹੈ। ਖੇਤੀ ਮਾਹਰਾਂ ਦਾ ਕਹਿਣਾ ਹੈ ਕਿ ਕਣਕ ਦੇ ਨਾੜ ਜਾਂ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੋ ਰਹੀ ਹੈ, ਉਥੇ ਹੀ ਧੂੰਏਂ ਕਾਰਨ ਕਈ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਧੂੰਏਂ ਕਾਰਨ ਅਕਸਰ ਹੀ ਸੜਕਾਂ ਤੋਂ ਲੰਘਣ ਵਾਲੇ ਵਾਹਨਾਂ ਨੂੰ ਰਸਤਾ ਦਿਖਾਈ ਨਾ ਦੇਣ ਕਾਰਨ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਖੇਤ ਦੀ ਸਫ਼ਾਈ ਕਰਨ ਦੇ ਚੱਕਰ 'ਚ ਕਿਸਾਨ ਆਪਣੇ ਨਾਲ ਹੀ ਲੋਕਾਂ ਦਾ ਵੀ ਨੁਕਸਾਨ ਕਰ ਰਹੇ ਹਨ। ਹਾਲਾਂਕਿ ਸਬੰਧਤ ਵਿਭਾਗਾਂ ਵੱਲੋਂ ਜਾਗਰੂਕਤਾ ਫੈਲਾਉਣ ਦੇ ਨਾਲ ਹੀ ਸਖ਼ਤੀ ਵੀ ਕੀਤੀ ਜਾ ਰਹੀ ਹੈ ਪਰ ਪਰਨਾਲਾ ਉਥੇ ਦਾ ਉਥੇ ਵਾਲਾ ਹਾਲ ਹੋ ਰਿਹਾ ਹੈ।