ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਚੰਡੀਗੜ੍ਹ ਸੈਕਟਰ-16 ਰੋਜ਼ ਗਾਰਡਨ ਦੇ ਅੰਡਰਬਿ੍ਰਜ ’ਚ ਅੱਜ ਸਵੇਰੇ ਇਕ ਵਿਅਕਤੀ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਇੱਥੇ ਅੰਡਰਬਿ੍ਰਜ ਵਿਚ ਲੋਹੇ ਦੀ ਗਰਿੱਲ ਨਾਲ ਫਾਹਾ ਲੈ ਕੇ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ। ਰਾਹਗੀਰਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਸੈਕਟਰ-17 ਥਾਣਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜੀਐੱਮਐੱਸਐੱਚ-16 ਭੇਜ ਦਿੱਤਾ।

ਮਿ੍ਰਤਕ ਦੀ ਪਛਾਣ 42 ਸਾਲਾ ਜਸਬੀਰ ਸਿੰਘ ਵਾਸੀ ਸੈਕਟਰ-19 ਵਜੋਂ ਹੋਈ ਹੈ। ਜਸਬੀਰ ਸਿੰਘ ਮੂਲ ਰੂਪ ਵਿਚ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਨੱਥੂ ਚੱਕ ਦਾ ਰਹਿਣ ਵਾਲਾ ਸੀ। ਪੁਲਿਸ ਨੇ ਲਾਸ਼ ਨੂੰ ਜੀਐੱਮਐੱਸਐੱਚ-16ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ। ਮਿ੍ਰਤਕ ਦੀ ਗੱਡੀ ਵਿੱਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ। ਉਸ ਦੀ ਕਾਰ ਸੜਕ ਦੇ ਕਿਨਾਰੇ ਖੜ੍ਹੀ ਸੀ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ 6.36 ਵਜੇ ਪੁਲਸ ਕੰਟਰੋਲ ਰੂਮ ’ਚ ਘਟਨਾ ਦੀ ਸੂਚਨਾ ਦਿੱਤੀ ਗਈ। ਮੁਖਬਰ ਨੇ ਦੱਸਿਆ ਕਿ ਸੈਕਟਰ-16 ਰੋਜ਼ ਗਾਰਡਨ ਦੇ ਅੰਡਰ ਬਿ੍ਰਜ ਕੋਲ ਵਿਅਕਤੀ ਦੀ ਲਾਸ਼ ਫਾਹੇ ਨਾਲ ਲਟਕ ਰਹੀ ਹੈ। ਉਹ ਰੱਸੀ ਨਾਲ ਲਟਕ ਰਿਹਾ ਹੈ। ਸੂਚਨਾ ਮਿਲਦਿਆਂ ਹੀ ਸੈਕਟਰ-17 ਥਾਣੇ ਦੇ ਤਫਤੀਸ਼ੀ ਅਫਸਰ ਸਹਾਇਕ ਸਬ ਇੰਸਪੈਕਟਰ ਧਰਮ ਸਿੰਘ ਆਪਣੀ ਟੀਮ ਸਮੇਤ ਮੌਕੇ ’ਤੇ ਪੁੱਜੇ। ਪੁਲਿਸ ਮੁਲਾਜ਼ਮਾਂ ਨੇ ਰੱਸੀ ਖੋਲ੍ਹ ਕੇ ਲਾਸ਼ ਨੂੰ ਹੇਠਾਂ ਉਤਾਰਿਆ। ਉਦੋਂ ਤਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਉਸ ਦੇ ਗਲੇ ’ਤੇ ਵੀ ਰੱਸੀ ਦੇ ਡੂੰਘੇ ਨਿਸ਼ਾਨ ਸਨ। ਉੱਥੇ ਹੀ ਜੀਐੱਮਐੱਸਐੱਚ-16 ਵਿਚ ਡਾਕਟਰ ਵੱਲੋਂ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਲਾਸ਼ ਨੂੰ ਮੁਰਦਾਘਰ ਵਿਚ ਰਖਵਾਇਆ ਗਿਆ ਹੈ।

ਪਾਰਕਿੰਗ ’ਚੋਂ ਮਿਲੀ ਕਾਰ, ਪੰਜਾਬੀ ’ਚ ਲਿਖਿਆ ਸੁਸਾਈਡ ਨੋਟ

ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਿ੍ਰਤਕ ਜਸਬੀਰ ਆਪਣੀ ਪੰਜਾਬ ਨੰਬਰ ਪੀਬੀ 46 ਵਾਈ 6622 ਆਈ-20 ਕਾਰ ਵਿਚ ਰੋਜ਼ ਗਾਰਡਨ ਆਇਆ ਸੀ। ਉਸ ਨੇ ਆਪਣੀ ਕਾਰ ਪਾਰਕ ਕੀਤੀ ਅਤੇ ਇਸਨੂੰ ਅਨਲੌਕ ਛੱਡ ਦਿੱਤਾ। ਕਾਰ ਅੰਦਰੋਂ ਪੁਲਿਸ ਨੂੰ ਚਾਬੀ, ਪੰਜਾਬੀ ’ਚ ਲਿਖਿਆ ਸੁਸਾਇਡ ਨੋਟ ਤੇ ਕੁਝ ਕੱਪੜੇ ਵੀ ਮਿਲੇ ਹਨ। ਸੁਸਾਈਡ ਨੋਟ ’ਚ ਮਿ੍ਰਤਕ ਨੇ ਆਪਣੀ ਮੌਤ ਲਈ ਖ਼ੁਦ ਨੂੰ ਜ਼ਿੰਮੇਵਾਰ ਦੱਸਿਆ ਹੈ। ਪੁਲਿਸ ਨੇ ਸੁਸਾਈਡ ਨੋਟ ਵੀ ਬਰਾਮਦ ਕਰ ਲਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।

Posted By: Harjinder Sodhi