ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਗੁਲਮੋਹਰ ਸਿਟੀ ਦੇ ਵਸਨੀਕ ਦੀ ਨਰਵਾਣਾ ਨਹਿਰ 'ਚੋਂ ਸ਼ੱਕੀ ਹਾਲਾਤ 'ਚ ਲਾਸ਼ ਮਿਲੀ ਹੈ। ਉਹ ਚਾਰ ਦਿਨ ਪਹਿਲਾ ਤੋਂ ਲਾਪਤਾ ਚੱਲ ਰਿਹਾ ਸੀ ਜਿਸ ਦੀ ਸ਼ਿਕਾਇਤ ਮਿਲਣ 'ਤੇ ਪੁਲਿਸ ਗੌਰਵ ਮਦਾਨ (32) ਪੁੱਤਰ ਇੰਦਰਜੀਤ ਮਦਾਨ ਵਾਸੀ ਗੁਲਮੋਹਰ ਸਿਟੀ ਦੀ ਭਾਲ ਕਰ ਰਹੀ ਸੀ। ਪੁਲਿਸ ਨੇ ਇਸ ਮਾਮਲੇ 'ਚ ਸੀਆਰਪੀਸੀ 174 ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਮਗਰੋਂ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆ ਤਫ਼ਤੀਸੀ ਅਫ਼ਸਰ ਸਬ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਗੌਰਵ ਮਦਾਨ ਸ਼ਨਿੱਚਰਵਾਰ ਸਵੇਰੇ ਕਰੀਬ ਸਾਢੇ 8 ਵਜੇ ਆਪਣੇ ਮੋਟਰਸਾਈਕਲ 'ਤੇ ਘਰੋਂ ਮਾਤਾ ਮਨਸ਼ਾ ਦੇਵੀ ਮੱਥਾ ਟੇਕਣ ਲਈ ਨਿਕਲਿਆ ਸੀ। ਉਹ ਸ਼ਾਮ ਤਕ ਵਾਪਸ ਨਾ ਪਰਤਿਆ ਤਾਂ ਪਰਿਵਾਰ ਨੇ ਭਾਲ ਸ਼ੁਰੂ ਕੀਤੀ। ਉਨ੍ਹਾਂ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਪੁਲਿਸ ਨੂੰ ਉਸਦਾ ਮੋਟਰਸਾਈਕਲ ਰੂਪਨਗਰ ਜ਼ਿਲ੍ਹੇ ਦੇ ਪਿੰਡ ਘਨੌਲੀ ਨੇੜੇ ਪੈਂਦੀ ਭਾਖੜਾ ਨਹਿਰ ਦੇ ਕੋਲ ਪਿਆ ਐਤਵਾਰ ਨੂੰ ਮਿਲਿਆ। ਪੁਲਿਸ ਨੂੰ ਪਹਿਲਾ ਹੀ ਸ਼ੱਕ ਸੀ ਕਿ ਉਸਨੇ ਨਹਿਰ 'ਚ ਡੁੱਬਿਆ ਹੈ। ਉਸਦੀ ਮੰਗਲਵਾਰ ਨੂੰ ਨਰਵਾਣਾ ਹੈਡ ਨੇੜੇ ਲਾਸ਼ ਤੈਰਦੀ ਹੋਈ ਮਿਲੀ। ਪੁਲਿਸ ਨੇ ਲਾਸ਼ ਨੂੰ ਡੇਰਾਬੱਸੀ ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਲਈ ਲਿਆਂਦਾ ਜਿੱਥੇ ਪੁਲਿਸ ਨੇ ਮਿ੍ਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟ ਮਗਰੋਂ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਗੌਰਵਮਦਾਨ ਦਿਮਾਗ਼ੀ ਤੌਰ 'ਤੇ ਪੇ੍ਸ਼ਾਨ ਰਹਿੰਦਾ ਸੀ। ਉਸਦਾ 6-7 ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ। ਉਹ ਬਰੈਡ ਬੇਕਰੀ ਦਾ ਕੰਮ ਕਰਦਾ ਸੀ।