ਜੈ ਸਿੰਘ ਛਿੱਬਰ, ਚੰਡੀਗੜ੍ਹ : ਸੰਸਦ ਵਿਚ ਪੇਸ਼ ਹੋਏ ਤਿੰਨ ਖੇਤੀ ਸੁਧਾਰ ਬਿੱਲਾਂ ਨੇ ਅਕਾਲੀ ਦਲ ਅਤੇ ਭਾਜਪਾ ਦੇ ਸਬੰਧਾਂ ਵਿਚ ਕੁੜੱਤਣ ਪੈਦਾ ਕਰ ਦਿੱਤੀ ਹੈ। ਇਨ੍ਹਾਂ ਬਿੱਲਾਂ ਨੇ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਰਿਸ਼ਤੇ ਨੂੰ ਤੋੜਨ ਦੀ ਨੀਂਹ ਰੱਖ ਦਿੱਤੀ ਹੈ। ਭਾਵੇਂ ਕਿ ਅਕਾਲੀ ਦਲ ਦੀ ਲੀਡਰਸ਼ਿਪ ਇਸ ਮੁੱਦੇ 'ਤੇ ਖੁੱਲ੍ਹ ਕੇ ਮੀਡੀਆ 'ਚ ਬਿਆਨਬਾਜ਼ੀ ਤੋਂ ਬਚ ਰਹੀ ਹੈ, ਪਰ ਕਈ ਆਗੂਆਂ ਦਾ ਮੰਨਣਾ ਹੈ ਕਿ ਭਾਜਪਾ ਹਾਈਕਮਾਨ ਨੇ ਖੇਤੀ ਬਿੱਲਾਂ ਦੇ ਮੁੱਦੇ 'ਤੇ ਅਕਾਲੀ ਦਲ ਨਾਲ ਧੋਖਾ ਕੀਤਾ ਹੈ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਕ ਬਿਆਨ 'ਚ ਕਿਹਾ ਕਿ ਪਾਰਟੀ ਨੇ ਪਿਛਲੇ ਹਫ਼ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਸੰਪਰਕ / ਮੀਟਿੰਗ ਕਰ ਕੇ ਹੇਠਲੇ ਪੱਧਰ ਦੇ ਵਰਕਰਾਂ, ਹਰਿਆਣਾ , ਯੂਪੀ ਤੇ ਰਾਜਸਥਾਨ ਦੇ ਕਿਸਾਨ ਆਗੂਆਂ ਅਤੇ ਹਮਖ਼ਿਆਲੀ ਪਾਰਟੀਆਂ ਨਾਲ ਸੰਪਰਕ ਕਰਨ ਤੋਂ ਬਾਅਦ ਕੇਂਦਰੀ (ਭਾਜਪਾ) ਲੀਡਰਸ਼ਿਪ ਨੂੰ ਮਿਲ ਕੇ ਕਿਸਾਨਾਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਸੀ ਪਰੰਤੂ ਅਫ਼ਸੋਸ ਹੈ ਕਿ ਸਾਡੀ ਭਾਵਨਾਵਾਂ ਦੀ ਕਦਰ ਨਹੀਂ ਪਾਈ ਗਈ। ਚੰਦੂਮਾਜਰਾ ਦੇ ਇਸ ਬਿਆਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਰਡੀਨੈਂਸ ਲਿਆਉਣ ਸਮੇਂ ਅਕਾਲੀ ਦਲ ਨਾਲ ਸਲਾਹ ਮਸ਼ਵਰਾ ਨਾ ਕਰਨ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਭਾਜਪਾ ਹਾਈਕਮਾਨ ਨੇ ਖੇਤੀ ਆਰਡੀਨੈਂਸ ਦੇ ਮੁੱਦੇ 'ਤੇ ਅਕਾਲੀ ਦਲ ਨੂੰ ਬਹੁਤੀ ਤਵੱਜੋਂ ਨਹੀਂ ਦਿੱਤੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਕੱਲ੍ਹ ਸੰਸਦ ਵਿਚ ਜ਼ਰੂਰੀ ਵਸਤਾਂ ਸੋਧ ਬਿੱਲ ਦਾ ਵਿਰੋਧ ਕਰਨ 'ਤੇ ਦਲ ਦੀ ਲੀਡਰਸ਼ਿਪ ਇਸ ਗੱਲੋਂ ਖ਼ੁਸ਼ ਹੈ ਤੇ ਤਸੱਲੀ ਮਹਿਸੂਸ ਕਰ ਰਹੀ ਹੈ ਕਿ ਇਸ ਫ਼ੈਸਲੇ ਨਾਲ ਅਕਾਲੀ ਆਗੂਆਂ ਦਾ ਪਿੰਡਾਂ ਵਿਚ ਜਾਣਾ ਸੌਖਾ ਹੋ ਜਾਵੇਗਾ ਕਿਉਂਕਿ ਜਿਸ ਢੰਗ ਨਾਲ ਕਿਸਾਨਾਂ ਨੇ ਆਰਡੀਨੈਂਸਾਂ/ ਬਿੱਲਾਂ ਦੇ ਵਿਰੋਧ ਵਿਚ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕੀਤਾ ਹੈ, ਉਸ ਨਾਲ ਅਕਾਲੀ ਦਲ ਲਈ ਕਸੂਤੀ ਸਥਿਤੀ ਪੈਦਾ ਹੋ ਗਈ ਸੀ। ਸੂਤਰ ਦੱਸਦੇ ਹਨ ਕਿ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਵਿਚ ਇਸ ਮਸਲੇ 'ਤੇ ਅਗਲੀ ਰਣਨੀਤੀ ਤੈਅ ਕਰੇਗਾ ਕਿ ਭਾਜਪਾ ਨਾਲ ਗੱਠਜੋੜ ਅਜੇ ਰੱਖਣਾ ਹੈ ਜਾਂ ਨਹੀਂ।

ਕੇਂਦਰੀ ਵਜ਼ਾਰਤ ਵੱਲੋਂ 5 ਜੂਨ ਨੂੰ ਪਾਸ ਕੀਤੇ ਤਿੰਨ ਆਰਡੀਨੈਂਸਾਂ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਤੇ ਵਿਰੋਧ ਲਗਾਤਾਰ ਵੱਧਦਾ ਗਿਆ। ਪੰਜਾਬ ਸਰਕਾਰ ਸਮੇਤ ਸਮੁੱਚੀਆ ਰਾਜਨੀਤਿਕ ਧਿਰਾਂ (ਅਕਾਲੀ ਦਲ ਤੇ ਭਾਜਪਾ ਨੂੰ ਛੱਡ) ਨੇ ਆਰਡੀਨੈਂਸ ਰੱਦ ਕਰਨ ਦਾ ਮਤਾ ਪਾਸ ਕੀਤਾ, ਪਰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅੰਤਲੇ ਸਮੇਂ ਤਕ ਕਿਸਾਨਾਂ ਨੂੰ ਐੱਮਐੱਸਪੀ ਖ਼ਤਮ ਨਾ ਹੋਣ ਦਾ ਭਰੋਸਾ ਦੇ ਕੇ ਆਰਡੀਨੈਂਸ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਦੀ ਰਹੀ। ਬੀਤੇ ਕੱਲ੍ਹ ਸੰਸਦ ਵਿਚ ਜ਼ਰੂਰੀ ਵਸਤਾਂ (ਸੋਧ) ਬਿਲ 2020 ਦਾ ਜਿਵੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਰੋਧ ਕਰਦਿਆਂ ਆਰਡੀਨੈਂਸ ਲਿਆਉਣ ਸਮੇਂ ਅਕਾਲੀ ਦਲ ਨਾਲ ਸਲਾਹ-ਮਸ਼ਵਰਾ ਨਾ ਕਰਨ ਦੀ ਗੱਲ ਕਹੀ ਹੈ, ਉਸ ਨਾਲ ਇਕ ਗੱਲ ਸਪਸ਼ਟ ਹੋ ਗਈ ਹੈ ਕਿ ਭਾਜਪਾ ਤੇ ਅਕਾਲੀ ਦਲ ਵਿਚ ਸਬੰਧ ਬਹੁਤੇ ਵਧੀਆ ਨਹੀਂ ਹਨ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਕਿ 'ਹਰ ਕਿਸਾਨ ਇਕ ਅਕਾਲੀ ਤੇ ਹਰ ਅਕਾਲੀ ਇਕ ਕਿਸਾਨ ਹੈ ਅਤੇ ਇਸ ਵਿਰਾਸਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ', ਕਿਸਾਨੀ ਵੋਟ ਬੈਂਕ ਨੂੰ ਜੋੜ ਕੇ ਰੱਖਣ ਲਈ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਕਿਸਾਨਾਂ ਵੱਲੋਂ ਆਰਡੀਨੈਂਸ ਦਾ ਸਮਰਥਨ ਕਰਨ ਵਾਲੇ ਆਗੂਆਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾਵੇਗਾ ਦੇ ਬਿਆਨ ਅਤੇ ਪਿੰਡ ਪੱਧਰ ਦੇ ਸ਼ੁਰੂ ਹੋਏ ਵਿਦਰੋਹ ਕਾਰਨ ਅਕਾਲੀ ਲੀਡਰਸ਼ਿਪ ਵਿਚ ਘਬਰਾਹਟ ਪੈਦਾ ਹੋ ਗਈ ਸੀ। ਕਈ ਆਗੂਆਂ ਨੇ ਆਪਣਾ ਨਾਂ ਗੁਪਤ ਰੱਖਣ 'ਤੇ ਦੱਸਿਆ ਕਿ ਪਾਰਟੀ ਪ੍ਰਧਾਨ ਦੇ ਆਰਡੀਨੈਂਸ ਦਾ ਵਿਰੋਧ ਕਰਨ ਦੇ ਫ਼ੈਸਲੇ ਨਾਲ ਉਨ੍ਹਾਂ ਦੀ ਪਿੰਡਾਂ ਵਿਚ ਦਾਖ਼ਲੇ ਦਾ ਰਾਹ ਖੁੱਲ੍ਹ ਗਿਆ ਹੈ।

ਪਿੰਡ ਬਾਦਲ ਦੀ ਘੇਰਾਬੰਦੀ ਪਿੱਛੋਂ ਅਕਾਲੀ ਦਲ ਨੇ ਲਿਆ ਯੂ-ਟਰਨ : ਢੀਂਡਸਾ

ਉਧਰ ਰਾਜ ਸਭਾ ਮੈਂਬਰ ਤੇ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਕਿਸਾਨਾਂ ਵੱਲੋਂ ਬਾਦਲ ਪਿੰਡ ਦੀ ਘੇਰਾਬੰਦੀ ਕਰਨ ਤੋਂ ਬਾਅਦ ਅਕਾਲੀ ਦਲ ਨੇ ਯੂ-ਟਰਨ ਲਿਆ ਹੈ। ਉਨ੍ਹਾਂ ਕਿਹਾ ਕਿ ਅੰਤਲੇ ਸਮੇਂ ਤਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਆਰਡੀਨੈਂਸਾਂ ਦਾ ਸਮਰਥਨ ਕਰਦੇ ਰਹੇ। ਜਦੋਂ ਕਿ ਉਹ (ਢੀਂਡਸਾ) ਸ਼ੁਰੂ ਤੋਂ ਉਹ ਕਿਸਾਨਾਂ ਦੇ ਹੱਕ ਵਿਚ ਖੜ੍ਹੇ ਹਨ। ਢੀਂਡਸਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ। ਹਮੇਸ਼ਾ ਪੰਥ ਅਤੇ ਕਿਸਾਨੀ ਦੀ ਗੱਲ ਕਰਦੇ ਰਹੇ ਪਰ ਅਫ਼ਸੋਸ ਹੈ ਕਿ ਉਨ੍ਹਾਂ (ਬਾਦਲ) ਨੇ ਪੰਥਕ ਮਸਲਿਆਂ ਅਤੇ ਕਿਸਾਨੀ ਦੇ ਮੁੱਦਿਆਂ 'ਤੇ ਕੋਈ ਗੱਲ ਨਹੀਂ ਕੀਤੀ ਅਤੇ ਕਿਸਾਨਾਂ ਦੇ ਉਲਟ ਖੜ੍ਹੇ ਹੋਏ ਹਨ।

ਅਕਾਲੀ ਦਲ ਅਸਤੀਫ਼ੇ ਦਾ ਡਰਾਮਾ ਵੀ ਰਚ ਸਕਦਾ ਹੈ : ਜਾਖੜ

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕਿਸਾਨ ਯੂਨੀਅਨਾਂ ਦੇ ਦਬਾਅ ਹੇਠ ਅਕਾਲੀ ਦਲ ਕੇਂਦਰ ਸਰਕਾਰ 'ਚੋਂ ਅਸਤੀਫ਼ੇ ਦੇਣ ਦਾ ਡਰਾਮਾ ਰਚਣ ਦੀ ਹੱਦ ਤਕ ਵੀ ਜਾ ਸਕਦਾ ਪਰ ਇਸ ਨਾਲ ਪਾਰਟੀ ਦਾ ਇਕ ਹੋਰ ਝੂਠ ਨੰਗਾ ਹੋ ਜਾਵੇਗਾ। ਉਨ੍ਹਾਂ ਦੇਸ਼ ਖ਼ਾਸ ਕਰ ਕੇ ਪੰਜਾਬ ਦੇ ਕਿਸਾਨਾਂ ਨੂੰ ਸਜਦਾ ਕੀਤਾ ਜਿਨ੍ਹਾਂ ਨੇ ਅਕਾਲੀਆਂ ਨੂੰ ਇਸ ਮੁੱਦੇ 'ਤੇ ਆਪਣਾ ਫ਼ੈਸਲਾ ਪਲਟਣ ਲਈ ਮਜਬੂਰ ਕਰ ਦਿੱਤਾ।

ਵਿਰੋਧ 'ਚ ਵੋਟ ਪਾਉਣ ਦਾ ਸੁਖਬੀਰ ਦਾ ਦਾਅਵਾ ਝੂਠਾ : ਭਗਵੰਤ ਮਾਨ

ਆਪ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਸੰਸਦ 'ਚ ਮੰਗਲਵਾਰ ਨੂੰ ਪੇਸ਼ ਹੋਏ ਜ਼ਰੂਰੀ ਵਸਤਾਂ (ਸੋਧ) ਬਿੱਲ-2020 ਦੇ ਵਿਰੋਧ 'ਚ ਵੋਟ ਪਾਉਣ ਦੇ ਦਾਅਵੇ ਨੂੰ ਕੋਰਾ ਝੂਠ ਦੱਸਿਆ ਹੈ। ਮਾਨ ਨੇ ਕਿਹਾ ਕਿ ਪਹਿਲੀ ਗੱਲ ਤਾਂ ਕੱਲ੍ਹ ਜ਼ਰੂਰੀ ਵਸਤਾਂ ਸੋਧ ਬਿੱਲ ਤੇ ਵੋਟਿੰਗ ਹੀ ਨਹੀਂ ਕਰਵਾਈ ਗਈ। ਸਪੀਕਰ ਵੱਲੋਂ 'ਜੋ ਹੱਕ 'ਚ ਹਨ ਉਹ ਹਾਂ ਕਹਿਣ ਅਤੇ ਜੋ ਵਿਰੋਧ 'ਚ ਹਨ ਉਹ ਨਾਂਹ ਕਹਿਣ' ਮੁਤਾਬਿਕ ਇਹ ਬਿੱਲ ਪਾਸ ਕੀਤਾ ਗਿਆ। ਮਾਨ ਨੇ ਦਾਅਵਾ ਕੀਤਾ ਕਿ ਸੁਖਬੀਰ ਸਿੰਘ ਬਾਦਲ ਕੋਲੋਂ ਨਾ ਹਾਂ ਕਹੀ ਗਈ ਅਤੇ ਨਾ ਨਾਂਹ ਕਹੀ ਗਈ।

Posted By: Susheel Khanna