ਸਟੇਟ ਬਿਊਰੋ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਤੇ ਵਕੀਲ ਦਿਨੇਸ਼ ਚੱਢਾ ਨੇ ਸੂਬੇ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਪੱਤਰ ਜ਼ਰੀਏ ਸਬੂਤ ਭੇਜੇ ਹਨ ਕਿ ਕਿਵੇਂ ਅਕਾਲੀ ਤੇ ਫਿਰ ਕਾਂਗਰਸੀ ਸਰਕਾਰ ਦੇ ਰਾਜ ਵਿਚ ਸਿਆਸੀ ਵਿਅਕਤੀਆਂ ਦੀ ਸ਼ਹਿ ਪ੍ਰਰਾਪਤ ਟਰਾਂਸਪੋਰਟ ਮਾਫੀਆ ਨੇ ਸੂਬੇ ਦੇ ਖ਼ਜ਼ਾਨੇ ਨੂੰ ਲੁੱਟਿਆ ਹੈ।

ਚੱਢਾ ਨੇ ਦੱਸਿਆ ਕਿ ਉਨ੍ਹਾਂ ਨੇ ਟਰਾਂਸਪੋਰਟ ਮੰਤਰੀ ਨੂੰ ਭੇਜੇ ਪੱਤਰ ਵਿਚ ਲਿਖਿਆ ਹੈ ਕਿ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਜਾਣ ਵਾਲੇ ਬੱਸ ਪਰਮਿਟਾਂ ਵਿਚ ਸਰਕਾਰੀ ਬੱਸਾਂ ਤੇ ਪ੍ਰਾਈਵੇਟ ਬੱਸਾਂ ਦੇ ਪਰਮਿਟਾਂ ਦੀ ਗਿਣਤੀ ਨਿਸ਼ਚਤ ਹੁੰਦੀ ਸੀ। ਉਦਾਹਰਣ ਦੇ ਤੌਰ 'ਤੇ 1990 ਵਿਚ ਸਟੇਟ ਹਾਈਵੇ 'ਤੇ ਸਰਕਾਰੀ ਤੇ ਪ੍ਰਾਈਵੇਟ ਪਰਮਿਟਾਂ ਦਾ ਕੋਟਾ 50-50 ਫ਼ੀਸਦ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤਕ ਅਕਾਲੀ ਤੇ ਕਾਂਗਰਸ ਸਰਕਾਰਾਂ ਦੀ ਮਿਲੀਭੁਗਤ ਦੇ ਨਾਲ ਸਿਆਸੀ ਲੋਕਾਂ ਨੂੰ ਪ੍ਰਰਾਈਵੇਟ ਕੋਟੇ ਤੋਂ ਵੱਧ ਪਰਮਿਟ ਦੇਣ ਲਈ ਟਰਾਂਸਪੋਰਟ ਨੀਤੀ ਦੀ ਉਲੰਘਣਾ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਕੋਟੇ ਨੂੰ ਅਪ੍ਰਤੱਖ ਤੌਰ 'ਤੇ ਖ਼ਤਮ ਕਰਨ ਲਈ ਨਿੱਜੀ ਬੱਸਾਂ ਦੇ ਪਰਮਿਟਾਂ ਨੂੰ ਪੰਜ-ਪੰਜ ਗੁਣਾ ਵਧਾ ਦਿੱਤਾ ਗਿਆ ਤੇ ਇਕ ਪਰਮਿਟ ਵਿਚ 10-10 ਵਾਰ ਵਾਧਾ ਕੀਤਾ ਗਿਆ ਹੈ। ਐਡਵੋਕੇਟ ਚੱਢਾ ਨੇ ਚਿੱਠੀ ਦੇ ਨਾਲ ਹੀ ਸਬੂਤ ਵਜੋਂ ਔਰਬਿਟ ਤੇ ਨਿਊ ਦੀਪ ਟਰਾਂਸਪੋਰਟ ਦੇ ਬੱਸ ਪਰਮਿਟਾਂ ਦੀ ਸੂਚੀ ਭੇਜਦਿਆਂ ਹੋਇਆਂ ਟਰਾਂਸਪੋਰਟ ਮੰਤਰੀ ਨੂੰ ਦੱਸਿਆ ਕਿ ਔਰਬਿਟ ਦਾ ਮੁਕਤਸਰ ਦੇ ਮਲੋਟ ਦਾ 32 ਕਿਲੋਮੀਟਰ ਰੂਟ 6 ਵਾਰ ਵਧਾ ਕੇ ਮੋਗਾ ਤਕ 147 ਕਿਲੋਮੀਟਰ ਕੀਤਾ ਗਿਆ। ਫਿਰੋਜ਼ਪੁਰ ਤੋਂ ਮੁਕਤਸਰ 56 ਕਿਲੋਮੀਟਰ ਰੂਟ 10 ਵਾਰ ਵਧਾ ਕੇ 147 ਕਿਲੋਮੀਟਰ ਕੀਤਾ ਗਿਆ। ਰਾਮਾ ਤੋਂ ਲੁਧਿਆਣਾ ਦਾ 190 ਕਿਲੋਮੀਟਰ ਰੂਟ ਚੁੰਗੀਆਂ ਗੜ੍ਹਸ਼ੰਕਰ ਤਕ 277 ਕਿਲੋਮੀਟਰ ਕੀਤਾ ਗਿਆ। ਬਠਿੰਡਾ ਤੋਂ ਮਾਨਸਾ ਦਾ 128 ਕਿਲੋਮੀਟਰ ਰੂਟ ਬਰਨਾਲਾ ਤਕ 254 ਕਿਲੋਮੀਟਰ ਕਰ ਦਿੱਤਾ ਗਿਆ।

ਗੁਰਦਾਸਪੁਰ ਤੋਂ ਚੰਡੀਗੜ੍ਹ ਦਾ 171 ਕਿਲੋਮੀਟਰ ਰੂਟ ਡੇਰਾ ਬਾਬਾ ਨਾਨਕ ਤਕ 271 ਕਿਲੋਮੀਟਰ ਕੀਤਾ ਗਿਆ। ਇਸੇ ਤਰ੍ਹਾਂ ਨਿਊ ਦੀਪ ਬੱਸ ਦਾ ਜੈਤੋ ਗਿੱਦੜਬਾਹਾ 100 ਕਿਲੋਮੀਟਰ ਰੂਟ 328 ਕਿਲੋਮੀਟਰ ਕਰ ਦਿੱਤਾ ਗਿਆ। ਬਠਿੰਡਾ ਮਹਿਮਾ 138 ਕਿਲੋਮੀਟਰ ਰੂਟ 237 ਕਿਲੋਮੀਟਰ ਤਕ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕੁਝ ਉਦਾਹਰਣਾਂ ਹਨ, ਇਹੋ ਜਿਹੇ ਕਰੀਬ 5000 ਨਾਜਾਇਜ਼ ਵਾਧੇ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ ਲੁੱਟਿਆ ਗਿਆ ਸੀ।