ਹਰਦਿੰਦਰ ਦੀਪਕ, ਗੜ੍ਹਦੀਵਾਲਾ : ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੰਗਲਵਾਰ ਨੂੰ ਪਿੰਡ ਥਾਨਾ ਵਿਖੇ ਬਣੇ ਥਾਨਾ ਨੇਚਰ ਰੀਟ੍ਰੀਟ ਤੇ ਜੰਗਲ ਸਫਾਰੀ ਪ੍ਰਾਜੈਕਟ ਦੌਰਾ ਕੀਤਾ ਤੇ ਪ੍ਰਾਜੈਕਟ 'ਚ ਮੌਜੂਦ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਹਲਕਾ ਵਿਧਾਇਕ ਸ਼ਾਮਚੁਰਾਸੀ ਡਾ. ਰਵਜੋਤ ਸਿੰਘ, ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਗਿੱਲ, ਹਲਕਾ ਵਿਧਾਇਕ ਗੜ੍ਹਸ਼ੰਕਰ ਜੈ ਕ੍ਰਿਸ਼ਨ ਸਿੰਘ ਰੋੜੀ, ਹਲਕਾ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ, ਕੰਜ਼ਰਵੇਟਰ ਫੋਰੈਸਟ ਡਾ. ਸੰਜੀਵ ਤਿਵਾੜੀ, ਡੀਐੱਫਓ ਅਮਨੀਤ ਸਿੰਘ ਤੋਂ ਇਲਾਵਾ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਇਸ ਮੌਕੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਥਾਨਾ ਪਿੰਡ ਵਿਚ ਜੰਗਲਾਤ ਵਿਭਾਗ ਵੱਲੋਂ ਸਥਾਪਤ ਕੀਤਾ ਗਿਆ ਥਾਨਾ ਨੇਚਰ ਰੀਟ੍ਰੀਟ ਅਤੇ ਜੰਗਲ ਸਫਾਰੀ ਪ੍ਰਾਜੈਕਟ ਸੂਬੇ ਵਿਚ ਈਕੋ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਲਈ ਇਕ ਚਾਨਣ ਮੁਨਾਰਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਈਕੋ ਟੂਰਿਜ਼ਮ ਸਪਾਟ ਦਾ ਆਨੰਦ ਮਾਨਣ ਲਈ ਦੇਸ਼-ਵਿਦੇਸ਼ ਦੇ ਨਾਲ-ਨਾਲ ਪੰਜਾਬ ਤੋਂ ਵੀ ਵੱਡੀ ਗਿਣਤੀ 'ਚ ਸੈਲਾਨੀ ਦੇਸ਼ ਦੇ ਹੋਰਨਾਂ ਸੂਬਿਆਂ ਵੱਲ ਰੁਖ਼ ਕਰਦੇ ਹਨ। ਹੁਣ ਇਸ ਪ੍ਰਾਜੈਕਟ ਦੀ ਸਥਾਪਨਾ ਨਾਲ ਜਿਥੇ ਪੰਜਾਬ ਵਾਸੀਆਂ ਨੂੰ ਈਕੋ ਟੂਰਿਜ਼ਮ ਦਾ ਲਾਭ ਮਿਲੇਗਾ, ਉਥੇ ਦੇਸ਼ਾਂ-ਵਿਦੇਸ਼ਾਂ ਤੋਂ ਈਕੋ ਟੂਰਿਜ਼ਮ ਲਈ ਆਉਣ ਵਾਲਿਆਂ ਲਈ ਵੀ ਇਹ ਖਿੱਚ ਦਾ ਕੇਂਦਰ ਬਣੇਗਾ। ਇਸ ਨਾਲ ਜਿਥੇ ਪੰਜਾਬ 'ਚ ਸੈਰ-ਸਪਾਟੇ ਨੂੰ ਬੜ੍ਹਾਵਾ ਮਿਲੇਗਾ, ਉਸ ਦੇ ਨਾਲ ਹੀ ਇਹ ਸੂਬੇ ਦੀ ਆਰਥਿਕਤਾ ਲਈ ਵੀ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਵਿਚ ਆਪਣੇ ਕਿਸਮ ਦੇ ਅਨੋਖੇ 3 ਲੇਕ ਫੇਸਿੰਗ ਈਕੋ ਟੈਂਟ ਸਥਾਪਤ ਕੀਤੇ ਗਏ ਹਨ, ਜਿਥੇ ਈਕੋ ਟੂਰਿਜ਼ਮ ਦੇ ਸ਼ੌਕੀਨ ਜੰਗਲ ਵਿਚ ਸਾਰੀਆਂ ਸਹੂਲਤਾਂ ਦੇ ਨਾਲ ਕੁਦਰਤੀ ਮਾਹੌਲ ਵਿਚ ਰਾਤ ਗੁਜ਼ਾਰਨ ਦਾ ਆਨੰਦ ਮਾਣ ਸਕਦੇ ਹਨ। ਅਜਿਹੀ ਸੁਵਿਧਾ ਪਹਿਲਾਂ ਦੇਸ਼ ਦੇ ਕੁਝ ਇਕ ਹੀ ਰਾਜਾਂ ਵਿਚ ਮੌਜੂਦ ਹੈ, ਜਿਥੇ ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ ਦਾ ਤਾਂਤਾ ਲੱਗਿਆ ਰਹਿੰਦਾ ਹੈ।

ਪੰਜਾਬ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਸੈਰ-ਸਪਾਟੇ ਦੀਆਂ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਗੰਭੀਰ ਹੈ ਅਤੇ ਇਸ ਲਈ ਸੂਬੇ ਭਰ ਵਿਚ ਨਵੇਂ ਟੂਰਿਸਟ ਸਪਾਟ ਤਿਆਰ ਕਰਨ ਦੀ ਦਿਸ਼ਾ ਵਿਚ ਅੱਗੇ ਵਧਿਆ ਜਾ ਰਿਹਾ ਹੈ ਅਤੇ ਥਾਨਾ ਨੇਚਰ ਰੀਟ੍ਰੀਟ ਅਤੇ ਜੰਗਲ ਸਫਾਰੀ ਪ੍ਰਾਜੈਕਟ ਰਾਹੀਂ ਇਸ ਦਿਸ਼ਾ ਵਿਚ ਇਕ ਵੱਡੀ ਪੁਲਾਂਘ ਪੁੱਟੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਵੀ ਇਹ ਪ੍ਰਾਜੈਕਟ ਲਿਆਉਣਗੇ ਤੇ ਉਨ੍ਹਾਂ ਨੂੰ ਬੇਨਤੀ ਕਰਨਗੇ ਕਿ ਉਹ ਨਿੱਜੀ ਤੌਰ 'ਤੇ ਇਸ ਪ੍ਰਾਜੈਕਟ ਦਾ ਦੌਰਾ ਕਰਨ, ਤਾਂ ਜੋ ਅਜਿਹੇ ਪ੍ਰਰਾਜੈਕਟਾਂ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਸੰਧਵਾਂ ਨੇ ਹਲਕਾ ਵਿਧਾਇਕਾਂ ਸਮੇਤ ਇਸ ਮੌਕੇ ਇਸ ਪ੍ਰਾਜੈਕਟ ਤਹਿਤ ਚਲਾਈ ਜਾ ਰਹੀ ਜੰਗਲ ਸਫਾਰੀ ਦਾ ਵੀ ਆਨੰਦ ਮਾਣਿਆ।