ਚੰਡੀਗੜ੍ਹ : ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ ਟੀਜੀਟੀ (ਟਰੇਂਡ ਗ੍ਰੈਜੂਏਟ ਟੀਚਰ) ਦੀ ਭਰਤੀ ਕਰਨ ਦੀ ਤਿਆਰੀ ਪੂਰੀ ਕਰ ਲਈ ਹੈ। ਸੂਤਰਾਂ ਅਨੁਸਾਰ 196 ਟੀਜੀਟੀ ਦੀ ਭਰਤੀ ਲਈ 21 ਫਰਵਰੀ ਤੋਂ ਆਨਲਾਈਨ ਬਿਨੈ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਬਿਨੈ ਲਈ ਤਿੰਨ ਤੋਂ ਚਾਰ ਹਫਤਿਆਂ ਦਾ ਸਮਾਂ ਮਿਲੇਗਾ। ਯੂਟੀ ਪ੍ਰਸ਼ਾਸਨ ਨੇ ਰਿਕਰੂਟਮੈਂਟ ਏਜੰਸੀ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟ੍ਰੇਨਿੰਗ ਐਂਡ ਰਿਸਰਚ (ਨਿੱਟਰ) ਨੂੰ ਟੀਜੀਟੀ ਭਰਤੀ ਦੀ ਜ਼ਿਮੇਵਾਰੀ ਦਿੱਤੀ ਹੈ। ਟੀਜੀਟੀ ਦੇ ਅਹੁਦਿਆਂ ਨੂੰ ਸਰਬ ਸਿੱਖਿਆ ਅਭਾਨ (ਐੱਸਐੱਸਏ) ਤਹਿਤ ਭਰਿਆ ਜਾਵੇਗਾ। ਯੂਟੀ ਵਿਚ ਕਰੀਬ ਪੰਜ ਸਾਲ ਬਾਅਦ ਟੀਜੀਟੀ ਦੀ ਭਰਤੀ ਹੋਣ ਜਾ ਰਹੀ ਹੈ। ਇਨ੍ਹਾਂ ਅਹੁਦਿਆਂ 'ਤੇ ਚੰਡੀਗੜ੍ਹ, ਪੰਜਾਬ, ਹਰਿਆਣਾ ਸਮੇਤ ਦੇਸ਼ ਭਰ ਤੋਂ ਯੋਗ ਉਮੀਦਵਾਰ ਅਪਲਾਈ ਕਰ ਸਕਣਗੇ। ਸਿੱਖਿਆ ਵਿਭਾਗ ਇਸੇ ਹਫ਼ਤੇ ਵਿਗਿਆਪਨ ਜਾਰੀ ਕਰ ਦੇਵੇਗਾ। ਕਾਬਿਲੇਗ਼ੌਰ ਹੈ ਕਿ ਸਿੱਖਿਆ ਵਿਭਾਗ ਇਸ ਸੈਸ਼ਨ ਵਿਚ ਐੱਨਟੀਟੀ, ਜੇਬੀਟੀ ਅਤੇ ਟੀਜੀਟੀ ਦੇ ਕਰੀਬ ਸੱਤ ਸੌ ਅਹੁਦਿਆਂ 'ਤੇ ਭਰਤੀ ਕਰਨ ਜਾ ਰਿਹਾ ਹੈ। ਐੱਨਟੀਟੀ ਦੀ ਭਰਤੀ ਪੰਜਾਬ ਯੂਨੀਵਰਸਿਟੀ ਦੀ ਰਿਕਰੂਟਮੈਂਟ ਏਜੰਸੀ ਕਰੇਗੀ।

800 ਰੁਪਏ ਦੇਣੀ ਪਵੇਗੀ ਅਪਲਾਈ ਫੀਸ

ਟੀਜੀਟੀ ਅਹੁਦਿਆਂ ਲਈ ਅਪਲਾਈ ਨਿੱਟਰ ਵੈੱਬਸਾਈਟ 'ਤੇ ਕਰਨਾ ਪਵੇਗਾ। ਜਨਰਲ ਕੈਟਾਗਰੀ ਕੈਂਡੀਡੇਟ ਨੂੰ 800 ਅਤੇ ਐੱਸਸੀ ਕੈਟਾਗਰੀ ਵਿਚ 400 ਰੁਪਏ ਫੀਸ ਹੋਵੇਗੀ। ਫੀਸ ਇਸ ਵਾਰ ਐਕਸਿਸ ਬੈਂਕ ਵਿਚ ਜਮ੍ਹਾਂ ਕਰਨੀ ਪਵੇਗੀ। ਲਿਖਤੀ ਪ੍ਰੀਖਿਆ ਅਪ੍ਰੈਲ ਜਾਂ ਮਈ ਵਿਚ ਲਈ ਜਾਵੇਗੀ। ਟੀਜੀਟੀ ਲਈ ਬਿਨੈਕਾਰ ਨੂੰ ਗ੍ਰੈਜੂਏਸ਼ਨ (50 ਫ਼ੀਸਦੀ), ਬੀਐੱਡ ਅਤੇ ਸੀਟੀਈਟੀ ਪੇਪਰ-2 ਕਲੀਅਰ ਹੋਣਾ ਜ਼ਰੂਰੀ ਹੈ। 37 ਸਾਲ ਉਮਰ ਦੇ ਕੈਂਡੀਡੇਟ ਅਪਲਾਈ ਕਰ ਸਕਦੇ ਹਨ। ਟੀਜੀਟੀ ਕੈਂਡੀਡੇਟਸ ਨੂੰ ਪ੍ਰੀਖਿਆ ਲਈ ਪੇਪਰ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਲੈਂਗਵੇਜ ਵਿਚ ਮਿਲੇਗਾ। ਪੰਜਾਬੀ ਲਈ ਬਿਨੈਕਾਰ ਨੂੰ ਆਪਸ਼ਨ ਦੇਣੇ ਪਵੇਗੀ। ਟੀਜੀਟੀ ਨਿਯੁਕਤ ਅਧਿਆਪਕਾਂ ਨੂੰ 45,756 ਰੁਪਏ ਤਨਖ਼ਾਹ ਮਿਲੇਗੀ।

ਜੇਬੀਟੀ ਲਿਖਤੀ ਪ੍ਰੀਖਿਆ ਦਾ ਰਿਜ਼ਲਟ 14 ਤਕ

ਯੂਟੀ ਵਿਚ ਜੇਬੀਟੀ ਦੇ 418 ਅਹੁਦਿਆਂ ਲਈ 27 ਜਨਵਰੀ ਨੂੰ ਹੋਈ ਲਿਖਤੀ ਪ੍ਰੀਖਿਆ ਦਾ ਨਤੀਜਾ ਤਿਆਰ ਹੋ ਚੁੱਕਾ ਹੈ। ਸੂਤਰਾਂ ਅਨੁਸਾਰ ਯੂਟੀ ਸਿੱਖਿਆ ਵਿਭਾਗ 12 ਤੋਂ 14 ਫਰਵਰੀ ਵਿਚਕਾਰ ਰਿਜ਼ਲਟ ਐਲਾਨ ਦੇਵੇਗਾ। ਜੇਬੀਟੀ ਭਰਤੀ ਲਈ ਦੇਸ਼ ਭਰ ਤੋਂ 21,578 ਅਰਜ਼ੀਆਂ ਆਈਆਂ ਸਨ ਜਿਨ੍ਹਾਂ ਵਿਚ 11686 ਨੇ ਪ੍ਰੀਖਿਆ ਦਿੱਤੀ। ਜੇਬੀਟੀ ਦੀ ਲਿਖਤੀ ਪ੍ਰੀਖਿਆ ਸਬੰਧੀ ਸਿੱਖਿਆ ਵਿਭਾਗ ਕੋਲ ਕਰੀਬ 55 ਓਬਜੈਕਸ਼ਨ ਆਏ ਸਨ ਜਿਨ੍ਹਾਂ ਉੱਤੇ ਐਕਸਪਰਟ ਕਮੇਟੀ ਨੇ ਫ਼ੈਸਲਾ ਲੈ ਲਿਆ ਹੈ। ਰਿਜ਼ਲਟ ਐਲਾਨੇ ਜਾਣ ਤੋਂ ਬਾਅਦ ਸਿੱਖਿਆ ਵਿਭਾਗ ਮੈਰਿਟ ਲਿਸਟ ਜਾਰੀ ਕਰੇਗਾ। ਉਮੀਦਵਾਰਾਂ ਦੇ ਡਾਕਿਊਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਮਾਰਚ ਅੰਤ ਤਕ ਜੁਆਇਨਿੰਗ ਲੈਟਰ ਜਾਰੀ ਕਰ ਦਿੱਤੇ ਜਾਣਗੇ।

ਸਾਇੰਸ ਵਿਚ ਸਭ ਤੋਂ ਜ਼ਿਆਦਾ ਅਹੁਦਿਆਂ 'ਤੇ ਭਰਤੀ

ਟੀਜੀਟੀ ਦੇ 196 ਅਹੁਦਿਆਂ ਵਿਚ ਸਭ ਤੋਂ ਜ਼ਿਆਦਾ 47 ਅਹੁਦੇ ਨਾਨ ਮੈਡੀਕਲ (ਸਾਇੰਸ) ਦੇ ਹੋਣਗੇ। ਵਿਭਾਗ ਸੱਤ ਵਿਸ਼ਿਆਂ ਵਿਚ ਟੀਜੀਟੀ ਦੀ ਭਰਤੀ ਕਰੇਗਾ। ਅੰਗੇਰਜ਼ੀ ਵਿਚ 27, ਹਿੰਦੀ ਦੇ 13, ਪੰਜਾਬੀ 19, ਸੋਸ਼ਲ ਸਟੱਡੀ 46, ਸਾਇੰਸ ਮੈਡੀਕਲ 10 ਅਤੇ ਗਣਿਤ ਦੇ 34 ਅਹੁਦਿਆਂ 'ਤੇ ਭਰਤੀ ਹੋਵੇਗੀ। ਇਨ੍ਹਾਂ ਸਾਰੇ ਅਹੁਦਿਆਂ ਵਿਚ ਜਨਰਲ ਕੋਟੇ ਦੀਆਂ ਸਿਰਫ਼ 75 ਪੋਸਟਾਂ ਹੋਣਗੀਆਂ। ਇਕਨੋਮਿਕਲ ਵੀਕਰ ਸੈਕਸ਼ਨ ਨੂੰ 10 ਫ਼ੀਸਦੀ ਰਾਖਵਾਂਕਰਨ ਦੇਣ ਦਾ ਫ਼ਿਲਾਹਲ ਯੂਟੀ ਪ੍ਰਸ਼ਾਸਨ ਕੋਲ ਨੋਟਿਸ ਨਹੀਂ ਆਇਆ ਹੈ। ਅਜਿਹਾ ਹੋਣ 'ਤੇ ਜਨਰਲ ਕੋਟੇ ਦੀਆਂ ਪੋਸਟਾਂ ਹੋਰ ਵੀ ਘੱਟ ਹੋ ਸਕਦੀਆਂ ਹਨ।

Posted By: Seema Anand