ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਲਹਿਰਾਗਾਗਾ ਵਿਖੇ ਸਥਿਤ ਫਾਰਮੇਸੀ ਕਾਲਜਾਂ 'ਚ ਵਿਦਿਆਰਥੀਆਂ ਤੋਂ ਪੈਸੇ ਲੈ ਕੇ ਨਕਲ ਕਰਵਾਉਣ ਦੇ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਵਾਉਣ ਤੋਂ ਬਾਅਦ ਸਮੂਹਕ ਨਕਲ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਨੇ ਦੱਸਿਆ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਇਸ ਮਾਮਲੇ 'ਚ ਸ਼ਾਮਿਲ ਸੰਸਥਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਦੱਸਿਆ ਕਿ ਇਹ ਮਾਮਲਾ ਸਾਹਮਣੇ ਆਉਣ 'ਤੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਕੱਤਰ, ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਤੋਂ ਪੜਤਾਲ ਰਿਪੋਰਟ ਮੰਗੀ ਗਈ ਸੀ। ਇਨ੍ਹਾਂ ਕਾਲਜਾਂ ਦੇ ਪੇਪਰ ਚੈੱਕ ਹੋਣ ਵਾਸਤੇ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ), ਪਟਿਆਲਾ 'ਚ ਭੇਜੇ ਗਏ ਸਨ, ਇਸ ਲਈ ਇਸ ਸਬੰਧੀ ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ (ਲ) ਪਟਿਆਲਾ ਤੋਂ ਵੀ ਰਿਪੋਰਟ ਮੰਗੀ ਗਈ ਸੀ। ਰਿਪੋਰਟ 'ਚ ਪਾਇਆ ਗਿਆ ਕਿ ਵਿਦਿਆਰਥੀਆਂ ਵਲੋਂ ਦਿੱਤੀ ਗਈ ਆਫ਼-ਲਾਈਨ ਪ੍ਰੀਖਿਆ ਵਿਚ ਉਨ੍ਹਾਂ ਦੀਆਂ ਉੱਤਰ-ਕਾਪੀਆਂ ਚੈੱਕ ਕਰਨ 'ਤੇ ਪਾਇਆ ਗਿਆ ਹੈ ਕਿ ਸਾਰੇ ਵਿਦਿਆਰਥੀਆਂ ਦੀ ਉੱਤਰ ਕਾਪੀ ਅੱਖਰ ਨਾਲ ਅੱਖਰ ਆਪਸ 'ਚ ਮਿਲਦੇ ਹਨ।ਹੈ। ਆਨਲਾਈਨ ਹੱਲ ਕੀਤੇ ਪੇਪਰਾਂ 'ਚ ਵੀ ਕਈ ਪੇਪਰ ਲਗਪਗ ਮਿਲਦੇ ਹਨ। ਸਾਰੇ ਵਿਆਰਥੀਆਂ ਨੇ ਇੱਕੋ ਜਿਹੇ ਵਿਚ ਪ੍ਰਸ਼ਨ ਹੱਲ ਕਰਨ ਲਈ ਚੋਣ ਕੀਤੀ ਹੈ। ਸਾਰੇ ਵਿਦਿਆਰਥੀਆਂ ਨੇ ਇੱਕੋ ਜਿਹੇ ਉੱਤਰ ਹੱਲ ਕੀਤੇ ਹਨ।

ਅਨੁਰਾਗ ਵਰਮਾ ਨੇ ਦੱਸਿਆ ਕਿ ਸਕੱਤਰ, ਪੰਜਾਬ ਰਾਜ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਅਤੇ ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ (ਲੜਕੀਆਂ), ਪਟਿਆਲਾ ਵੱਲੋਂ ਪ੍ਰਾਪਤ ਰਿਪੋਰਟਾਂ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ 7 ਕਾਲਜਾਂ ਵਿਨਾਇਕਾ ਕਾਲਜ ਆਫ਼ ਫਾਰਮੇਸੀ ਲਹਿਰਾਗਾਗਾ, ਆਰੀਆ ਭੱਟ ਕਾਲਜ ਆਫ਼ ਫਾਰਮੇਸੀ ਸੰਗਰੂਰ, ਮਾਡਰਨ ਕਾਲਜ ਆਫ਼ ਫਾਰਮੇਸੀ ਸੰਗਰੂਰ, ਵਿਦਿਆ ਸਾਗਰ ਪੈਰਾਮੈਡੀਕਲ ਕਾਲਜ ਲਹਿਰਾਗਾਗਾ, ਮਹਾਰਾਜਾ ਅਗਰਸੈਨ ਇੰਸ: ਆਫ਼ ਫਾਰਮੇਸੀ ਲਹਿਰਾਗਾਗਾ, ਲਾਰਡ ਕ੍ਰਿਸ਼ਨਾ ਕਾਲਜ ਆਫ਼ ਫਾਰਮੇਸੀ ਲਹਿਰਾਗਾਗਾ ਅਤੇ ਕ੍ਰਿਸ਼ਨਾ ਕਾਲਜ ਆਫ਼ ਫਾਰਮੇਸੀ, ਲਹਿਰਾਗਾਗਾ ਵਿੱਚ ਸਤੰਬਰ/ਅਕਤੂਬਰ 2020 ਵਿੱਚ ਹੋਈਆਂ ਪ੍ਰੀਖਿਆਵਾਂ ਦੌਰਾਨ ਸਮੂਹਿਕ ਨਕਲ ਹੋਈ ਹੋਈ ਹੈ।ਇਸ ਮਾਮਲੇ ਵਿਚ ਫਲਾਇੰਗ ਸਕੁਐਡ ਦੇ ਇੰਚਾਰਜਾਂ ਨਵਨੀਤ ਵਾਲੀਆ ਪ੍ਰਿੰਸੀਪਲ ਸਰਕਾਰੀ ਬਹੁ-ਤਕਨੀਕੀ ਕਾਲਜ ਬਰੇਟਾ ਅਤੇ ਅਨਿਲ ਕੁਮਾਰ ਸੈਕਸ਼ਨ ਅਫਸਰ ਨੂੰ ਵੀ ਚਾਰਜਸ਼ੀਟ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਸੰਸਥਾਵਾਂ ਨੇ ਰਾਜ ਵਿਚ ਦਿੱਤੀ ਜਾ ਰਹੀ ਤਕਨੀਕੀ ਸਿੱਖਿਆ ਦੇ ਅਕਸ ਨੂੰ ਭਾਰੀ ਢਾਅ ਲਾਈ ਹੈ। ਇਨ੍ਹਾਂ ਸੰਸਥਾਵਾਂ ਦੀ ਮਾਨਤਾ ਰੱਦ ਕਰਨ ਵਾਸਤੇ ਇਕ ਹਫਤੇ ਦੇ ਅੰਦਰ-ਅੰਦਰ ਸ਼ੋਅ ਕਾਜ਼ ਨੋਟਿਸ ਜਾਰੀ ਕੀਤੇ ਜਾਣ ਲਈ ਤਕਨੀਕੀ ਸਿੱਖਿਆ ਬੋਰਡ ਨੂੰ ਨਿਰਦੇਸ਼ ਦਿੱਤੇ ਗਏ ਹਨ।

ਅਨੁਰਾਗ ਵਰਮਾ ਨੇ ਦੱਸਿਆ ਕਿ ਬੋਰਡ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਸੰਸਥਾਵਾਂ 'ਚ ਮਹੀਨਾ ਸਤੰਬਰ ਅਕਤੂਬਰ 2020 ਵਿੱਚ ਹੋਈਆਂ ਪ੍ਰੀਖਿਆਵਾਂ ਨੂੰ ਕੈਂਸਲ ਕਰਦੇ ਹੋਏ ਇਨ੍ਹਾਂ ਸੰਸਥਾਵਾਂ ਦੇ ਵਿਦਿਆਰਥੀਆਂ ਦੀ ਦੁਬਾਰਾ ਪ੍ਰੀਖਿਆ ਲਈ ਜਾਵੇ। ਹੁਣ ਜੋ ਪ੍ਰੀਖਿਆ ਲਈ ਜਾਵੇਗੀ ਉਸਦੇ ਸੈਂਟਰ ਕੇਵਲ ਸਰਕਾਰੀ ਇੰਜੀਨੀਅਰਿੰਗ ਕਾਲਜ ਪਾਲੀਟੈਕਨਿਕ ਆਈਟੀਆਈ ਸੰਸਥਾਵਾਂ ਵਿੱਚ ਹੀ ਬਣਾਏ ਜਾਣ ਅਤੇ ਉਥੇ ਇਨਵੀਜੀਲੇਸ਼ਨ ਸਟਾਫ ਵੀ ਕੇਵਲ ਸਰਕਾਰੀ ਸੰਸਥਾਵਾਂ ਦਾ ਹੀ ਲਗਾਇਆ ਜਾਵੇ। ਇਹ ਪ੍ਰੀਖਿਆਵਾਂ ਸੀਸੀਟੀਵੀ ਦੀ ਨਿਗਰਾਨੀ ਹੇਠ ਕਰਵਾਈ ਜਾਵੇ ਅਤੇ ਇਸ ਦੀ ਰਿਕਾਰਡਿੰਗ ਤੁਰੰਤ ਪ੍ਰਾਪਤ ਕਰ ਕੇ ਰਿਕਾਰਡ ਵਿੱਚ ਰੱਖੀ ਜਾਵੇ।

Posted By: Seema Anand