ਵੈਭਵ ਸ਼ਰਮਾ, ਚੰਡੀਗੜ੍ਹ : ਸ਼ਹਿਰ ਦੇ ਸਕੂਲਾਂ 'ਚ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਕੁੱਟਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਨਵਾਂ ਮਾਮਲਾ ਗੌਰਮਿੰਟ ਮਾਡਲ ਹਾਈ ਸਕੂਲ-38ਡੀ ਦਾ ਹੈ, ਜਿੱਥੇ ਗਣਿਤ ਦੀ ਅਧਿਆਪਕਾ ਦੀਪਿਕਾ ਨੇ ਸੱਤਵੀਂ ਜਮਾਤ 'ਚ ਪੜ੍ਹਨ ਵਾਲੇ ਵਿਦਿਆਰਥੀ ਦੀ ਕੁੱਟਮਾਰ ਕੀਤੀ। ਪੀੜਤ ਵਿਦਿਆਰਥੀ ਦੇ ਪਿਤਾ ਕੁਲਦੀਪ ਨੇ ਦੱਸਿਆ ਕਿ ਪੁੱਤਰ ਲਵਦੀਪ ਨੂੰ ਅਧਿਆਪਕਾ ਦੀਪਿਕਾ ਨੇ ਪਹਿਲਾਂ ਕਲਾਸ 'ਚ ਥੱਪੜ ਮਾਰੇ। ਉਸ ਮਗਰੋਂ ਉਹ ਰੈਂਪ ਤੋਂ ਆ ਰਿਹਾ ਸੀ ਤਾਂ ਉੱਥੇ ਤਿੰਨ-ਚਾਰ ਥੱਪੜ ਮਾਰ ਦਿੱਤੇ। ਥੱਪੜ ਲੱਗਣ ਮਗਰੋਂ ਬੱਚੇ ਦਾ ਸਿਰ ਗਰਿੱਲ 'ਤੇ ਲੱਗਾ ਤੇ ਉਸ ਦਾ ਸਾਹਮਣੇ ਦਾ ਇਕ ਦੰਦ ਵੀ ਟੁੱਟ ਗਿਆ। ਜਦਕਿ ਦੋ ਦੰਦ ਹਿਲ ਰਹੇ ਹਨ। ਇਸ ਤੋਂ ਪਹਿਲਾਂ ਵੀ ਇਸੇ ਸਕੂਲ 'ਚ ਇਕ ਸਾਲ ਪਹਿਲਾਂ ਵੀ ਇਕ ਅਧਿਆਪਕ ਨੇ ਬੱਚੇ ਨੂੰ ਇਸੇ ਤਰ੍ਹਾਂ ਹੀ ਕੁੱਟਿਆ ਸੀ। ਉਹ ਬੱਚਾ ਸੱਤਵੀਂ ਦਾ ਸੀ। ਉਸ ਬੱਚੇ ਨੂੰ ਇਸ ਲਈ ਕੁੱਟਿਆ ਗਿਆ ਸੀ ਕਿ ਉਹ ਟੀਚਰ ਦੇ ਕਹਿਣ 'ਤੇ ਆਪਣੇ ਪਿਤਾ ਨੂੰ ਸਕੂਲ ਨਹੀਂ ਲੈ ਕੇ ਆਇਆ ਸੀ। ਭੜਕੀ ਟੀਚਰ ਨੇ ਬੱਚੇ ਨੂੰ ਵਾਲਾਂ ਤੋਂ ਫੜੇ ਕੇ ਪੌੜੀਆਂ ਤੋਂ ਧੱਕਾ ਦੇ ਦਿੱਤਾ ਸੀ। ਇਸ ਮਾਮਲੇ 'ਚ ਵੀ ਮੁਲਜ਼ਮ ਟੀਚਰ 'ਤੇ ਕੋਈ ਕਾਰਵਾਈ ਨਹੀਂ ਹੋਈ।

ਵਾਈਸ ਪ੍ਰਿੰਸੀਪਲ ਦੀ ਧਮਕੀ; ਜੋ ਕਰਨਾ ਹੈ ਕਰ ਲਓ

ਲਵਦੀਪ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਇਸ ਦੀ ਸ਼ਿਕਾਇਤ ਸਕੂਲ ਦੀ ਵਾਈਸ ਪ੍ਰਿੰਸੀਪਲ ਤੋਂ ਕੀਤੀ ਤਾਂ ਉਹ ਉਲਟਾ ਉਨ੍ਹਾਂ ਨੂੰ ਹੀ ਧਮਕਾਉਣ ਲੱਗੀ। ਵਾਈਸ ਪ੍ਰਿੰਸੀਪਲ ਸੰਜੋਗਿਤਾ ਨੇ ਉਨ੍ਹਾਂ ਨੂੰ ਸਿੱਧਾ ਕਿਹਾ ਕਿ ਜੋ ਕਰਨਾ ਹੈ ਕਰ ਲਓ। ਉਥੇ, ਸਕੂਲ ਪ੍ਰਿੰਸੀਪਲ ਦਾ ਵੀ ਇਹੀ ਰਵੱਈਆ ਹੈ। ਉਨ੍ਹਾਂ ਵੱਲੋਂ ਮੁਲਜ਼ਮ ਟੀਚਰ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਪੁਲਿਸ ਨੂੰ ਵੀ ਦਿੱਤੀ ਸੀ ਸ਼ਿਕਾਇਤ

ਕੁਲਦੀਪ ਨੇ ਦੱਸਿਆ ਕਿ ਉਨ੍ਹਾਂ ਇਸ ਦੀ ਸ਼ਿਕਾਇਤ ਥਾਣਾ-39 'ਚ ਵੀ ਕੀਤੀ ਸੀ। ਉਸ ਮਗਰੋਂ ਸਬੰਧਤ ਟੀਚਰ ਦੀਪਿਕਾ ਨੇ ਉਥੇ ਮਾਫ਼ੀ ਮੰਗ ਕੇ ਕੇਸ ਰਫ਼ਾ-ਦਫ਼ਾ ਕਰਨ ਦੀ ਗੱਲ ਕਹੀ ਸੀ। ਦੀਪਿਕਾ ਨੇ ਇਹ ਵੀ ਕਿਹਾ ਸੀ ਕਿ ਉਹ ਬੱਚੇ ਦੇ ਇਲਾਜ ਦਾ ਖਰਚਾ ਵੀ ਚੁੱਕੇਗੀ। ਇਸ ਮਗਰੋਂ ਉਹ ਆਪਣੀ ਗੱਲ ਤੋਂ ਮੁਕਰ ਗਈ ਤੇ ਧਮਕੀਆਂ ਦੇਣ ਲੱਗੀ।

ਅਜਿਹਾ ਨਹੀਂ ਹੈ ਕਿ ਸਿੱਖਿਆ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਹੁੰਦੀ ਹੈ। ਅਸੀਂ ਕਈ ਕੇਸਾਂ 'ਚ ਐਕਸ਼ਨ ਲੈ ਕੇ ਅਧਿਆਪਕਾਂ ਨੂੰ ਸਸਪੈਂਡ ਕੀਤਾ ਹੈ। ਜੇਕਰ ਇਸ ਕੇਸ 'ਚ ਸਾਡੇ ਕੋਲ ਸ਼ਿਕਾਇਤ ਆਉਂਦੀ ਹੈ ਤਾਂ ਇਸ 'ਤੇ ਜਾਂਚ ਮਾਰਕ ਕਰਾਂਗੇ। ਜੇਕਰ ਟੀਚਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ 'ਤੇ ਵਿਭਾਗ ਸਖ਼ਤ ਕਾਰਵਾਈ ਕਰੇਗਾ। - ਰੂਬਿੰਦਰਜੀਤ ਸਿੰਘ ਬਰਾੜ, ਡਾਇਰੈਕਟਰ, ਸਕੂਲ ਐਜੂਕੇਸ਼ਨ।