ਹੁਣ ਪਵੇਗਾ ਰੇੜਕਾ ! ਤਰਨਤਾਰਨ ਜ਼ਿਮਨੀ ਚੋਣ 'ਚ ਕਾਂਗਰਸ ਚੌਥੇ ਨੰਬਰ 'ਤੇ ਖਿਸਕੀ, ਕੀ ਪ੍ਰਧਾਨ ਦੇ ਵਿਵਾਦਤ ਬਿਆਨ ਨੇ ਬਦਲੇ ਸਿਆਸੀ ਸਮੀਕਰਨ ?
ਹੁਣ ਪਵੇਗਾ ਰੇੜਕਾ ! ਤਰਨਤਾਰਨ ਜ਼ਿਮਨੀ ਚੋਣ 'ਚ ਕਾਂਗਰਸ ਚੌਥੇ ਨੰਬਰ 'ਤੇ ਖਿਸਕੀ, ਰਾਜਾ ਵੜਿੰਗ ਦੇ ਸਾਬਕਾ ਮੰਤਰੀ ਨੂੰ ਕਾਲਾ ਕਹਿਣ ਤੋਂ ਬਾਅਦ ਬਦਲੇ ਸਮੀਕਰਨ
Publish Date: Fri, 14 Nov 2025 02:11 PM (IST)
Updated Date: Fri, 14 Nov 2025 02:22 PM (IST)
ਕੈਲਾਸ ਨਾਥ, ਜਾਗਰਣ ਚੰਡੀਗੜ੍ਹ : ਕਾਂਗਰਸ ਪਾਰਟੀ ਲਈ 14 ਨਵੰਬਰ ਦਾ ਦਿਨ ਬਹੁਤ ਹੀ ਅਸ਼ੁੱਭ ਸਾਬਿਤ ਹੋਇਆ। ਬਿਹਾਰ ਚੋਣਾਂ 'ਚ ਕਾਂਗਰਸ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕੀ। ਉੱਥੇ ਹੀ, ਪੰਜਾਬ 'ਚ 2027 ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਤਰਨਤਾਰਨ ਜ਼ਿਮਨੀ ਚੋਣ 'ਚ ਚੌਥੇ ਸਥਾਨ 'ਤੇ ਖਿਸਕ ਗਈ ਹੈ। ਕਾਂਗਰਸ ਦੇ ਉਮੀਦਵਾਰ ਕਰਨਬੀਰ ਸਿੰਘ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਤੋਂ ਵੀ ਪਿੱਛੇ ਰਹਿ ਗਏ। ਕਾਂਗਰਸ ਦੀ ਇਸ ਸਥਿਤੀ ਤੋਂ ਬਾਅਦ ਪਾਰਟੀ 'ਚ ਰੇੜਕਾ ਪੈਣਾ ਯਕੀਨੀ ਹੈ ਕਿਉਂਕਿ ਕਾਂਗਰਸ ਦੇ ਕਈ ਸੀਨੀਅਰ ਆਗੂ ਇਸ ਹਾਰ ਦਾ ਠੀਕਰਾ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਿਰ ਭੰਨਣ ਲਈ ਤਿਆਰ ਬੈਠੇ ਹਨ।
ਚੋਣ ਪ੍ਰਚਾਰ ਦੌਰਾਨ ਕਾਂਗਰਸ ਲੰਬੇ ਸਮੇਂ ਤਕ ਨੰਬਰ ਦੋ ਦੀ ਸਥਿਤੀ 'ਚ ਦਿਖਾਈ ਦੇ ਰਹੀ ਸੀ, ਪਰ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਨੂੰ ਕਾਲਾ ਕਹਿਣ ਤੋਂ ਬਾਅਦ ਉੱਠੇ ਵਿਵਾਦ ਕਾਰਨ ਕਾਂਗਰਸ ਦਾ ਗ੍ਰਾਫ ਲਗਾਤਾਰ ਡਿੱਗਦਾ ਗਿਆ। ਕਿਉਂਕਿ ਤਰਨਤਾਰਨ 'ਚ ਚੋਣ ਪ੍ਰਚਾਰ ਦੀ ਕਮਾਨ ਵਿਰੋਧੀ ਪਾਰਟੀ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੰਭਾਲੀ ਹੋਈ ਸੀ। ਬਾਜਵਾ ਤੇ ਰਾਜਾ ਵਿਚਕਾਰ ਮੁੱਖ ਮੰਤਰੀ ਅਹੁਦੇ ਦੀ ਦੌੜ ਸ਼ੁਰੂ ਤੋਂ ਹੀ ਚੱਲ ਰਹੀ ਹੈ। ਇਸ ਸਥਿਤੀ 'ਚ ਕਾਂਗਰਸ ਦੇ ਚੌਥੇ ਸਥਾਨ 'ਤੇ ਜਾਣ ਤੋਂ ਬਾਅਦ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਪਾਰਟੀ 'ਚ ਰੇੜਕਾ ਜ਼ਰੂਰ ਪਵੇਗਾ, ਕਿਉਂਕਿ ਰਾਜਾ ਵੜਿੰਗ ਦੇ ਵਿਰੋਧੀ ਇਸ ਹਾਰ ਨੂੰ ਆਪਣੇ ਹੱਕ 'ਚ ਕੈਸ਼ ਕਰਨ ਲਈ ਤਿਆਰ ਹਨ। ਤਰਨਤਾਰਨ ਜ਼ਿਮਨੀ ਚੋਣ 'ਚ ਪਹਿਲਾਂ ਹੀ ਇਹ ਨਿਸ਼ਚਿਤ ਮੰਨਿਆ ਜਾ ਰਿਹਾ ਸੀ ਕਿ ਸੱਤਾਧਿਰ ਆਮ ਆਦਮੀ ਪਾਰਟੀ ਦਾ ਪਲੜਾ ਭਾਰੀ ਰਹੇਗਾ। ਬਾਕੀ ਪਾਰਟੀਆਂ 'ਚ ਅਸਲੀ ਲੜਾਈ ਨੰਬਰ ਦੋ ਦੀ ਚੱਲ ਰਹੀ ਸੀ, ਜਿਸ ਵਿਚ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਸਫਲ ਰਿਹਾ, ਸਗੋਂ ਕਾਂਗਰਸ ਖਿਸਕ ਕੇ ਚੌਥੇ ਨੰਬਰ 'ਤੇ ਆ ਗਈ ਹੈ।