ਸਟੇਟ ਬਿਊਰੋ, ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਬੇਸ਼ੱਕ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਨਾ ਲਿਆ ਹੋਵੇ, ਪਰ ਉਨ੍ਹਾਂ ਨੇ ਪਾਰਟੀ ਦਾ ਕੰਮਕਾਜ ਜਾਰੀ ਰੱਖਿਆ ਹੋਇਆ ਹੈ। ਮੰਗਲਵਾਰ ਨੂੰ ਲਖੀਮਪੁਰ ਖੇੜੀ ਲਈ ਕਾਂਗਰਸ ਦੇ ਮਾਰਚ ਤੋਂ ਬਾਅਦ ਸਿੱਧੂ ਨੇ ਸੂਬਾ ਅਤੇ ਜ਼ਿਲ੍ਹਾ ਕਾਰਜਕਾਰਨੀ ਦੇ ਗਠਨ ਲਈ ਹੋਈ ਮੀਟਿੰਗ 'ਚ ਹਿੱਸਾ ਲਿਆ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਮੀਟਿੰਗ ਕਾਂਗਰਸ ਭਵਨ ਦੀ ਬਜਾਏ ਪੰਜਾਬ ਭਵਨ ਵਿਖੇ ਹੋਈ।

ਮੀਟਿੰਗ 'ਚ ਪਾਰਟੀ ਦੇ ਤਿੰਨ ਕਾਰਜਕਾਰੀ ਪ੍ਰਧਾਨ ਤੇ ਪਾਰਟੀ ਦੇ ਜਨਰਲ ਸਕੱਤਰ ਅਤੇ ਕੈਬਨਿਟ ਮੰਤਰੀ ਪਰਗਟ ਸਿੰਘ ਤੋਂ ਇਲਾਵਾ ਹਰੀਸ਼ ਚੌਧਰੀ ਵੀ ਮੌਜੂਦ ਸਨ। ਦੱਸ ਦੇਈਏ ਕਿ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਨਵਜੋਤ ਸਿੰਘ ਸਿੱਧੂ ਨੂੰ 15 ਸਤੰਬਰ ਤਕ ਸੂਬਾ ਤੇ ਜ਼ਿਲ੍ਹਾ ਕਾਰਜਕਾਰਨੀ ਦਾ ਗਠਨ ਕਰਨ ਲਈ ਕਿਹਾ ਸੀ, ਪਰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਬਾਅਦ 'ਚ ਸਿੱਧੂ ਨੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਸਤੀਫ਼ੇ ਦੇ ਕਾਰਨ ਸੰਗਠਨ ਦਾ ਗਠਨ ਅੱਧ 'ਚ ਲਟਕ ਰਿਹਾ ਸੀ।

ਸਿੱਧੂ ਨੇ ਬੇਸ਼ੱਕ ਅਜੇ ਆਪਣਾ ਅਸਤੀਫ਼ਾ ਵਾਪਸ ਨਹੀਂ ਲਿਆ ਪਰ ਪਾਰਟੀ ਉੱਤੇ ਦਬਾਅ ਹੈ ਕਿ ਉਹ ਛੇਤੀ ਤੋਂ ਛੇਤੀ ਸੰਗਠਨ ਦੇ ਨਾਵਾਂ ਨੂੰ ਅੰਤਿਮ ਰੂਪ ਦੇਵੇ, ਕਿਉਂਕਿ ਪੰਜਾਬ 'ਚ ਕਾਂਗਰਸ ਦਾ ਢਾਂਚਾ ਲੰਮੇ ਸਮੇਂ ਤੋਂ ਲਟਕਿਆ ਹੋਇਆ ਹੈ। ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਦੀ ਤਿਆਰੀ 'ਚ ਰੁੱਝੀਆਂ ਹੋਈਆਂ ਹਨ, ਉੱਥੇ ਕਾਂਗਰਸ ਸੰਗਠਨ ਦੇ ਗਠਨ 'ਚ ਰੁੱਝੀ ਹੋਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਹ ਮੀਟਿੰਗ ਉਸ ਦਿਨ ਵੀ ਹੋਈ ਸੀ ਜਦੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਾਰਟੀ ਬਣਾਉਣ ਬਾਰੇ ਗੱਲ ਕੀਤੀ ਸੀ।

ਦੱਸਿਆ ਜਾ ਰਿਹਾ ਹੈ ਕਿ ਮੀਟਿੰਗ 'ਚ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਹੁਣ ਸਿਰਫ ਪਾਰਟੀ ਹਾਈਕਮਾਨ ਦੀ ਇਸ ਸੂਚੀ 'ਤੇ ਮੋਹਰ ਲੱਗਣੀ ਬਾਕੀ ਹੈ। ਮੀਟਿੰਗ 'ਚ ਹਰੀਸ਼ ਚੌਧਰੀ ਵੀ ਮੌਜੂਦ ਸਨ। ਹਰੀਸ਼ ਚੌਧਰੀ ਨੂੰ ਕਾਂਗਰਸ ਨੇ ਨਿਗਰਾਨ ਵਜੋਂ ਪੰਜਾਬ ਭੇਜਿਆ ਸੀ। ਮੁੱਖ ਮੰਤਰੀ ਵਿਵਾਦ ਹੱਲ ਹੋਣ ਤੋਂ ਬਾਅਦ ਵੀ, ਹਰੀਸ਼ ਚੌਧਰੀ ਪਾਰਟੀ ਦੇ ਕੰਮ 'ਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਹਾਲਾਂਕਿ, ਉਨ੍ਹਾਂ ਕੋਲ ਪੰਜਾਬ ਬਾਰੇ ਕੋਈ ਅਧਿਕਾਰਤ ਜ਼ਿੰਮੇਵਾਰੀ ਨਹੀਂ ਹੈ। ਇਸ ਮੀਟਿੰਗ 'ਚ ਹਰੀਸ਼ ਚੌਧਰੀ ਤੋਂ ਇਲਾਵਾ ਕੈਬਨਿਟ ਮੰਤਰੀ ਅਤੇ ਕਾਰਜਕਾਰੀ ਮੁਖੀ ਸੰਗਤ ਸਿੰਘ ਸ਼ਾਮਲ ਹੋਏ।

Posted By: Seema Anand