-ਗੁਰਦੁਆਰਾ ਸਾਹਿਬ ਨਤਮਸਤਕ ਹੋਏ ਰੰਧਾਵਾ ਤੇ ਸਥਾਨਕ 'ਆਪ' ਉਮੀਦਵਾਰ ਨੂੰ ਕੀਤਾ ਸਨਮਾਨਿਤ
ਸੁਰਜੀਤ ਸਿੰਘ ਕੋਹਾੜ, ਲਾਲੜੂ : ਗੁਜਰਾਤ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਲਗਾਤਾਰ ਘਰ-ਘਰ ਰਾਬਤਾ ਕਾਇਮ ਕਰ ਰਹੀ ਹੈ ਤੇ ਇਸੇ ਲੜੀ ਤਹਿਤ ਅੱਜ ਗੁਜਰਾਤ ਦੇ ਹਲਕਾ ਨਾਂਦਿਆੜ 'ਚ ਚੋਣ ਪ੍ਰਚਾਰ ਕਰਨ ਪੁੱਜੇ ਡੇਰਾਬੱਸੀ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਹਲਕਾ ਨਾਂਦਿਆੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਸ਼ਦ ਵਾਘੇਲਾ ਸਥਾਨਕ ਗੁਰਦੁਆਰਾ ਸਿੰਘ ਸਭਾ 'ਚ ਨਤਮਸਤਕ ਹੋਏ, ਜਿੱਥੇ ਸਥਾਨਕ ਸਿੱਖ ਭਾਈਚਾਰੇ ਨੇ ਉਨ੍ਹਾਂ ਦਾ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਹਲਕਾ ਵਿਧਾਇਕ ਨਾਲ ਡੇਰਾਬੱਸੀ ਹਲਕੇ ਦੀ ਵੱਡੀ ਟੀਮ ਵੀ ਮੌਜੂਦ ਰਹੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੰਧਾਵਾ ਨੇ ਦੱਸਿਆ ਕਿ ਗੁਜਰਾਤ ਦੇ ਵੋਟਰਾਂ 'ਚ ਆਮ ਆਦਮੀ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਉੱਥੋਂ ਦੇ ਲੋਕ ਪਾਰਟੀ ਨੂੰ ਪੂਰਾ ਸਮਰਥਨ ਦੇ ਰਹੇ ਹਨ। ਰੰਧਾਵਾ ਨੇ ਕਿਹਾ ਕਿ ਆਪ ਦੇ ਵੱਧਦੇ ਗ੍ਰਾਫ ਤੋਂ ਭਾਜਪਾ ਘਬਰਾ ਗਈ ਹੈ ਤੇ ਹੁਣ ਉਹ ਫਿਰਕੂ ਪੱਤੇ ਖੇਡ ਰਹੀ ਹੈ, ਜਦਕਿ ਲੋਕ ਇਸ ਪਾਰਟੀ ਦੀ ਅਸਲੀਅਤ ਨੂੰ ਜਾਣ ਚੁੱਕੇ ਹਨ। ਆਪਣੇ ਦੌਰੇ ਦੌਰਾਨ ਹਲਕਾ ਵਿਧਾਇਕ ਨੇ ਆਪਣੀ ਸਥਾਨਕ ਟੀਮ ਨਾਲ ਘਰ-ਘਰ ਪ੍ਰਚਾਰ ਕਰਨ ਦੇ ਨਾਲ-ਨਾਲ ਨੁੱਕੜ ਮੀਟਿੰਗਾਂ ਤੇ ਛੋਟਾ ਰੋਡ ਸ਼ੋਅ ਵੀ ਕੀਤਾ। ਹਲਕਾ ਵਿਧਾਇਕ ਨੇ ਕਿਹਾ ਕਿ ਪਿੰਡਾਂ 'ਚ ਲੋਕ ਖੁੱਲ੍ਹ ਕੇ ਆਮ ਆਦਮੀ ਪਾਰਟੀ ਦੇ ਹੱਕ 'ਚ ਆ ਗਏ ਹਨ। ਜਦਕਿ ਸ਼ਹਿਰੀ ਵੋਟ ਅਜੇ ਚੁੱਪ ਹੈ, ਪਰ ਉਨ੍ਹਾਂ ਨੂੰ ਯਕੀਨ ਹੈ ਕਿ ਐਤਕੀਂ ਇਹ ਵੋਟ ਵੀ ਆਮ ਆਦਮੀ ਪਾਰਟੀ ਦੇ ਹੱਕ 'ਚ ਭੁਗਤੇਗੀ। ਉਨ੍ਹਾਂ ਗੁਜਰਾਤੀ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਜ਼ਰੂਰ ਦੇਣ ਤਾਂ ਜੋ ਉਨ੍ਹਾਂ ਨੂੰ ਉਹ ਇੱਥੇ ਵੀ ਪੰਜਾਬ ਤੇ ਦਿੱਲੀ ਵਰਗੀਆਂ ਸਹੂਲਤਾਂ ਦੇ ਸਕਣ।