ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਹੀਰਾਂ ਵਾਲੀ ਵਿਖੇ ਇਲਾਕੇ ਦੇ ਲੋਕਾਂ ਵੱਲੋਂ ਕੀਤੇ ਜਾ ਰਹੇ ਸ਼ਰਾਬ ਫੈਕਟਰੀ ਦਾ ਵਿਰੋਧ ਬਾਰੇ ਭੇਤ ਉਜ਼ਾਗਰ ਕਰਦਿਆਂ ਕਿਹਾ ਕਿ ਜਿਸ ਮੁੱਦੇ ’ਤੇ ਅਕਾਲੀ ਦਲ ਤੇ ਭਾਜਪਾ ਸਿਆਸੀ ਰੋਟੀਆਂ ਸੇਕ ਰਹੇ ਹਨ, ਅਸਲ ’ਚ ਉਕਤ ਫੈਕਟਰੀ ਦਾ ਲਾ ਸੈਂਸ ਤਤਕਾਲੀ ਗਠਜੋੜ ਸਰਕਾਰ ਨੇ 28 ਅਗਸਤ 2015 ਨੂੰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਲਾਈਸੈਂਸ ਜਾਰੀ ਕਰਨ ਸਮੇਂ ਆਬਕਾਰੀ ਵਿਭਾਗ ਦੇ ਮੰਤਰੀ ਸੁਖਬੀਰ ਸਿੰਘ ਬਾਦਲ ਖੁਦ ਸਨ।

ਅੱਜ ਇੱਥੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅਤੇ ਹੀਰਾਂ ਵਾਲੀ ਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਦੱਸਿਆ ਕਿ ਇਕ ਵਾਰ ਫਿਰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਦੋਹਰਾ ਕਿਰਦਾਰ ਬੇਨਕਾਬ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਸਰਕਾਰ ’ਚ ਭਾਰਤੀ ਜਨਤਾ ਪਾਰਟੀ ਵੀ ਬਰਾਬਰ ਦੀ ਭਾਈਵਾਲ ਸੀ ਜਦ ਕਿ ਅੱਜ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਵੀ ਧਰਨੇ ’ਚ ਜਾ ਕੇ ਸਿਆਸੀ ਡਰਾਮਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਸੁਖਬੀਰ ਸਿੰਘ ਬਾਦਲ ਨੂੰ ਵੀ ਬਤੌਰ ਹਲਕੇ ਦਾ ਸਾਂਸਦ ਹੋਣ ਕਾਰਨ ਮਿਲੇ ਸਨ ਤੇ ਬਾਦਲ ਨੇ ਭਲਕੇ ਧਰਨੇ ’ਚ ਆਉਣ ਦਾ ਭਰੋਸਾ ਦਿੱਤਾ ਹੈ। ਜਾਖੜ ਨੇ ਬਾਦਲ ਨੂੰ ਕਿਹਾ ਕਿ ਉਹ ਪਿੰਡ ਜਾ ਕੇ ਲੋਕਾਂ ਨੂੰ ਸੱਚ ਜ਼ਰੂਰ ਦੱਸਣ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਜੋ ਇਸ ਇਲਾਕੇ ’ਚ ਲੋਕਾਂ ਦੀ ਸਹਿਮਤੀ ਤੋਂ ਬਿਨ੍ਹਾਂ ਇਸ ਤਰ੍ਹਾਂ ਦੀ ਫੈਕਟਰੀ ਲਗਾਉਣ ਦਾ ਲਾਈਸੈਂਸ ਜਾਰੀ ਕੀਤਾ।

ਜਾਖੜ ਨੇ ਕਿਹਾ ਕਿ ਉਕਤ ਲਾਈਸੈਂਸ ਅਕਾਲੀ ਦਲ ਦੇ ਕਿਸੇ ਚਹੇਤੇ ਨੂੰ ਦਿੱਤਾ ਗਿਆ ਜਿਸ ਨੇ ਹੁਣ ਕਿਸੇ ਉਦਯੋਗਪਤੀ ਨੂੰ ਉਕਤ ਲਾਈਸੈਂਸ 13 ਕਰੋੜ ਰੁਪਏ ’ਚ ਵੇਚ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਕਤ ਉਦਯੋਗਪਤੀ ਨਾਲ ਵੀ ਗੱਲਬਾਤ ਕਰ ਕੇ ਉਸ ਨੂੰ ਇਸ ਇਲਾਕੇ ’ਚ ਇਸ ਤਰ੍ਹਾਂ ਦੀ ਸਨਅਤ ਨਾ ਲਗਾਉਣ ਲਈ ਰਾਜੀ ਕਰਨਗੇ ਪਰ ਉਨ੍ਹਾਂ ਨੇ ਅਕਾਲੀ ਲੀਡਰਸ਼ਿਪ ਨੂੰ ਵੰਗਾਰਿਆ ਕਿ ਉਹ ਉਨ੍ਹਾਂ ਦੇ ਨਾਂਅ ਜਨਤਕ ਕਰਨ ਜਿੰਨ੍ਹਾਂ ਦੀ ਸਿਫਾਰਸ਼ ਤੇ ਇਸ ਤਰ੍ਹਾਂ ਦੇ ਆਪਣੇ ਚਹੇਤੇ ਨੂੰ ਲਾਈਸੈਂਸ ਦਿੱਤਾ ਗਿਆ ਜੋ ਕਿ ਅੱਗੋਂ ਲਾਈਸੈਂਸ ਸ਼ਰੇਆਮ ਵੇਚ ਰਿਹਾ ਹੈ।

Posted By: Jagjit Singh