ਜੈ ਸਿੰਘ ਛਿੱਬਰ, ਚੰਡੀਗੜ੍ਹ : ਆਮ ਆਦਮੀ ਪਾਰਟੀ ਤੋਂ ਬਾਗ਼ੀ ਹੋਏ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਰਾਜਨੀਤੀ 'ਚ ਅੱਜ ਵੱਡਾ ਧਮਾਕਾ ਕਰ ਦਿੱਤਾ ਹੈ। ਖਹਿਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਨੂੰ ਪੱਤਰ ਲਿਖ ਕੇ ਵਿਧਾਨ ਸਭਾ ਮੈਂਬਰਸ਼ਿਪ ਤੋਂ ਦਿੱਤਾ ਆਪਣਾ ਅਸਤੀਫ਼ਾ ਵਾਪਸ ਲੈਣ ਦੀ ਗੱਲ ਕਹੀ ਹੈ। ਇਸ ਦੇ ਨਾਲ ਹੀ ਖਹਿਰਾ ਨੇ ਉਨ੍ਹਾਂ ਖ਼ਿਲਾਫ਼ ਦਲ ਬਦਲ ਐਕਟ ਤਹਿਤ ਚੱਲ ਰਹੀ ਪਟੀਸ਼ਨ ਦੇ ਮਾਮਲੇ 'ਚ ਸਪੀਕਰ ਤੋਂ ਹੋਰ ਸਮਾਂ ਦੇਣ ਦੀ ਮੰਗ ਵੀ ਕੀਤੀ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਮੁੜ ਪਾਰਟੀ 'ਚ ਸ਼ਾਮਲ ਹੋ ਗਏ ਸਨ ਜਿਸ ਤੋਂ ਬਾਅਦ ਖਹਿਰਾ ਅਲੱਗ-ਥਲੱਗ ਹੋ ਕੇ ਰਹਿ ਗਏ ਸਨ।

ਖਹਿਰਾ ਲਈ 'ਆਪ' ਦੇ ਦਰਵਾਜ਼ੇ ਬੰਦ : ਚੀਮਾ

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਹੈ ਕਿ ਧੋਖੇਬਾਜ਼ ਤੇ ਮੌਕਾਪ੍ਰਸਤ ਸੁਖਪਾਲ ਸਿੰਘ ਖਹਿਰਾ ਲਈ 'ਆਪ' ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੇ ਇਕ ਸਾਜ਼ਿਸ਼ ਤਹਿਤ ਪਾਰਟੀ ਨੂੰ ਬਦਨਾਮ ਤੇ ਤੋੜਨ ਦੀ ਸਾਜ਼ਿਸ਼ ਕੀਤੀ ਸੀ। ਸਪੀਕਰ ਤੇ ਖਹਿਰਾ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਚੀਮਾ ਨੇ ਕਿਹਾ ਕਿ ਸਪੀਕਰ ਨੂੰ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕਰਨੀ ਚਾਹੀਦੀ ਹੈ।

Posted By: Seema Anand