ਜੈ ਸਿੰਘ ਛਿੱਬਰ, ਚੰਡੀਗੜ੍ਹ : ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਅਾਪੋ ਆਪਣੇ ਦਲ ਭੰਗ ਕਰਕੇ ਭਵਿੱਖ ਵਿੱਚ ਮਿਲ ਕੇ ਚੱਲਣ ਦਾ ਐਲਾਨ ਕਰ ਦਿੱਤਾ ਹੈ। ਦੋਵੇਂ ਆਗੂਆਂ ਨੇ ਕਿਹਾ ਕਿ ਪੰਥਕ ਅਤੇ ਪੰਜਾਬ ਦੇ ਹਿਤ ਲਈ ਇਕੱਠੇ ਹੋਏ ਹਨ ਕਿਉਂਕਿ ਉਹਨਾਂ ਦਾ ਨਿਸ਼ਾਨਾ ਇਕ ਹੈ।

ਦੋਵੇਂ ਆਗੂਆਂ ਨੇ ਆਪਣਾ ਆਪਣਾ ਸ਼੍ਰੋਮਣੀ ਅਕਾਲੀ ਡੈਮੋਕਰੈਟਿਕ ਤੇ ਟਕਸਾਲੀ ਭੰਗ ਕਰਕੇ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਜਿਸਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਹੋਣਗੇ।

ਸੁਖਦੇਵ ਸਿੰਘ ਢੀਂਡਸਾ ਤੇ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਮਈ ਦੇ ਪਹਿਲੇ ਹਫਤੇ ਨਵੀਂ ਪਾਰਟੀ ਦਾ ਗਠਨ ਕਰਕੇ ਮਜਬੂਤ ਜਥੇਬੰਦਕ ਢਾਂਚਾ ਬਣਾਇਆ ਜਾਵੇਗਾ ਤੇ ਹਮਖਿਆਲੀ ਪਾਰਟੀਆਂ ਨਾਲ ਤਾਲਮੇਲ ਕਰਕੇ ਚੌਥੇ ਫਰੰਟ ਦਾ ਗਠਨ ਹੋਵੇਗਾ ਤਾਂ ਜੋ ਪ੍ਰਮੱਖ ਸਿਆਸੀ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਾ ਸਕੇ। ਉਕਤ ਆਗੂੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਿੱਦ ਛੱਡ ਕੇ ਕਿਸਾਨੀ ਮੰਗਾਂ ਤੁਰੰਤ ਸਵੀਕਾਰਨ ਕਰਨ ਤੇ ਕਈ ਮਹੀਨਿਆਂ ਤੋ ਆਪਣੇ ਹੱਕੀ ਮੰਗਾਂ ਖਾਤਰ ਅੰਦੋਲਨ ਕਰ ਰਹੇ ਦੇਸ਼ ਦੇ ਅੰਨਦਾਤੇ ਨੂੰ ਰਾਹਤ ਦਿਵਾਉਣ ਦੀ ਅਪੀਲ ਕੀਤੀ ।

ਉਨਾ ਕਿਹਾ ਕਿ ਕੈਪਟਨ ਸਰਕਾਰ ਤੇ ਬਾਦਲ ਦੋਹੇ ਫਰੈਡਲੀ ਮੈਚ ਖੇਡ ਰਹੇ ਹਨ ਜਿਸ ਦਾ ਖਮਿਆਜਾ ਪੰਜਾਬ ਭੁਗਤ ਰਿਹਾ ਹੈ । ਕੈਪਟਨ ਹਕੂਮਤ ਤੇ ਨਿਸ਼ਾਨੇ ਸਾਧਦਿਆਂ ਉਕਤ ਆਗੂਆਂ ਦੋਸ਼ ਲਾਇਆ ਕਿ ਚੋਣਾਂ ਵੇਲੇ ਕੈਪਟਨ ਨੇ ਵੱਡੋ-ਵੱਡੇ ਵਾਅਦੇ ਕੀਤੇ ਸੀ ਕਿ ਬਰਗਾੜੀ ਕਾਂਡ ਦੇ ਅਸਲ ਦੋਸ਼ੀ,ਕਰਜੇ ਮੁਆਫੀ ਆਦਿ ਮਸਲਿਆਂ ਨੂੰ ਸਿਰੇ ਚਾੜਿਆ ਜਾਵੇਗਾ ਪਰ ਅਸਲੀਅਤ ਚ ਉਨਾ ਬਾਦਲਾਂ ਨਾਲ ਰਲ ਕੇ ਪੰਜਾਬ ਨੂੰ ਚੰਗੀ ਤਰਾਂ ਲੁਟਿਆ ।

ਦੋਵੇਂ ਆਗੂਆਂ ਨੇ ਕਿਹਾ ਕਿ ਉਹ ਰਿਵਾਇਤੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਸਾਰੀਆਂ ਪਾਰਟੀਆਂ ਦਾ ਇਕ ਸਾਂਝਾ ਪਲੇਟਫਾਰਮ ਬਣਾਉਣਾ ਚਾਹੁੰਦੇ ਹਨ ਇਸ ਵਿੱਚ ਬਹੁਜਨ ਸਮਾਜ ਪਾਰਟੀ ਤੇ ਆਮ ਆਦਮੀ ਪਾਰਟੀ ਵੀ ਹੋ ਸਕਦੀ ਹੈ।

ਯਾਦ ਰਹੇ ਕਿ ਜਥੇਦਾਰ ਬ੍ਰਹਮਪੁਰਾ ਅਤੇ ੍ਸੁਖਦੇਵ ਸਿੰਘ ਢੀਂਡਸਾ ਨੇ ਇੱਕ ਸਾਝੀ ਤਾਲਮੇਲ ਏਕਤਾ ਕਮੇਟੀ ਗਠਿਤ ਕੀਤੀ ਸੀ ਜਿਸ ਵਿੱਚ ਜਥੇਦਾਰ ਉਜਾਗਰ ਸਿੰਘ ਬਡਾਲੀ ,ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ , ਕਰਨੈਲ ਸਿੰਘ ਪੀਰਮੁਹੰਮਦ, ਸ੍ ਜਗਦੀਸ਼ ਸਿੰਘ ਗਰਚਾ , ਰਣਜੀਤ ਸਿੰਘ ਤਲਵੰਡੀ ਅਤੇ ਐਡਵੋਕੇਟ ਸਿੰਦਰਪਾਲ ਸਿੰਘ ਬਰਾੜ ਨੂੰ ਮੈਬਰ ਬਣਾਇਆ ਸੀ ਤੇ ਇਹਨਾਂ ਨੇ ਦੋਵੇਂ ਆਗੂਆਂ ਵਿਚਕਾਰ ਏਕਤਾ ਲਈ ਰਾਹ ਪੱਧਰਾ ਕੀਤਾ।

Posted By: Sunil Thapa