ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਕਾਰੀ ਏਜੰਸੀਆਂ ਨੂੰ ਕਣਕ ਦੀ ਲੇਟ ਡਿਲੀਵਰੀ ਦੇਣ ਲਈ ਕਿਸਾਨਾਂ ਨੂੰ ਬੋਨਸ ਦੇਣਤੇ ਕੋਵਿਡ-19 ਦੇ ਟਾਕਰੇ ਲਈ ਉਦਯੋਗ ਜਗਤ ਨੂੰ ਇਕ ਪੈਕੇਜ ਦੇਣ ਦੀ ਮੰਗ ਕੀਤੀ ਹੈ।

ਪ੍ਰਧਾਨ ਮੰਤਰੀ ਵੱਲੋਂ ਵੀਡਿਓ ਕਾਨਫਰੰਸਿੰਗ ਰਾਹੀਂ ਰੱਖੀ ਸਰਬ ਪਾਰਟੀ ਮੀਟਿੰਗ 'ਚ ਭਾਗ ਲੈਂਦੇ ਹੋਏ ਸੁਖਬੀਰ ਬਾਦਲ ਨੇ ਕਣਕ ਦੀ ਖ਼ਰੀਦ ਦੇ ਸੀਜਨ ਦੌਰਾਨ ਸੂਬੇ ਦੀਆਂ ਮੰਡੀਆਂ 'ਤੇ ਪੈਣ ਵਾਲੇ ਦਬਾਅ ਨੂੰ ਘਟਾਉਣ ਦੀ ਸਖ਼ਤ ਲੋੜ ਹੈ, ਕਿਉਂਕਿ ਵੱਡੇ ਇੱਕਠਾਂ ਨਾਲ ਸਮੁੱਚੇ ਸੂਬੇ ਅੰਦਰ ਕੋਵਿਡ-19 ਦੀ ਲਾਗ ਫੈਲਣ ਦਾ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਏਜੰਸੀਆਂ ਨੂੰ ਕਣਕ ਦੀ ਲੇਟ ਡਿਲੀਵਰੀ ਦੇਣ ਲਈ ਕਿਸਾਨਾਂ ਨੂੰ ਇਕ ਮਹੀਨੇ ਦੀ ਦੇਰੀ ਲਈ ਬੋਨਸ 100 ਰੁਪਏ ਪ੍ਰਤੀ ਕੁਇੰਟਲ ਤੇ ਦੋ ਮਹੀਨੇ ਦੀ ਦੇਰੀ ਲਈ 150 ਰੁਪਏ ਪ੍ਰਤੀ ਕੁਇੰਟਲ ਹੋਣਾ ਚਾਹੀਦਾ ਹੈ। ਸੁਰੱਖਿਆ ਇੰਤਜ਼ਾਮਾਂ ਦੇ ਮੱਦੇਨਜ਼ਰ ਸਰਕਾਰੀ ਏਜੰਸੀਆਂ ਨੂੰ ਪਿੰਡਾਂ 'ਚ ਜਾ ਕੇ ਕਣਕ ਖਰੀਦਣ ਦਾ ਨਿਰਦੇਸ਼ ਦਿੱਤਾ ਜਾਵੇ।

ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨ ਮੰਤਰੀ ਨੂੰ ਉਦਯੋਗ ਸੈਕਟਰ ਵਾਸਤੇ ਇਕ ਪੈਕਜ ਦਾ ਐਲਾਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਿਲੀ ਫੀਡਬੈਕ ਤੋਂ ਪਤਾ ਚੱਲਿਆ ਹੈ ਕਿ ਇੰਡਸਟਰੀ ਮਹਿਸੂਸ ਕਰਦੀ ਹੈ ਕਿ ਅਰਥ ਵਿਵਸਥਾ ਇਕ ਮਾੜੇ ਦੌਰ 'ਚੋਂ ਲੰਘ ਰਹੀ ਹੈ ਤੇ ਅਗਲੇ ਪੰਜ ਤੋਂ ਛੇ ਮਹੀਨੇ ਤਕ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਰਹੇਗਾ। ਇਸ ਤਰ੍ਹਾਂ ਸਥਿਤੀ 'ਚ ਛੋਟੇ ਤੇ ਸੀਮਾਂਤ ਉਦਯੋਗਾਂ ਨੂੰ ਉਨ੍ਹਾਂ ਲਾਭਾਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ, ਜਿਹੜੇ ਉਨ੍ਹਾਂ ਨੂੰ ਦਿੱਤੇ ਜਾਣਗੇ ਤਾਂ ਕਿ ਉਹ ਆਪਣੇ ਕਾਮਿਆਂ ਨੂੰ ਨੌਕਰੀ ਤੋਂ ਨਾ ਹਟਾਉਣ।

ਪੰਜਾਬ ਅੰਦਰ ਸਿਹਤ ਸੈਕਟਰ ਨੂੰ ਦਰਪੇਸ਼ ਸਮੱਸਿਆਵਾਂ ਦਾ ਖ਼ੁਲਾਸਾ ਕਰਦਿਆਂ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸੂਬੇ ਕੋਲ ਸਿਰਫ ਦੋ ਦਿਨਾਂ ਲਈ ਪੀਪੀਈ ਕਿੱਟਾਂ ਦਾ ਭੰਡਾਰ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸੂਬੇ ਅੰਦਰ ਸਿਰਫ 215 ਵੈਂਟੀਲੇਟਰ ਤੇ 200 ਟੈਸਟਿੰਗ ਕਿੱਟਾਂ ਹਨ। ਉਨ੍ਹਾਂ ਕਿਹਾ ਕਿ ਪ੍ਰਰਾਈਵੇਟ ਹਸਪਤਾਲਾਂ ਨੇ ਤਾਲੇ ਲਗਾ ਰੱਖੇ ਹਨ ਤੇ ਕੋਵਿਡ-19 ਖ਼ਿਲਾਫ ਲੜਾਈ ਵਿਚ ਸਰਕਾਰ ਦੀ ਕੋਈ ਮਦਦ ਨਹੀਂ ਕਰ ਰਹੇ ਹਨ।

ਬਾਦਲ ਨੇ ਇਹ ਵੀ ਦੱਸਿਆ ਕਿ ਆਰਬੀਆਈ ਵੱਲੋਂ ਵਿਆਜ ਦਰਾਂ 1.75 ਫ਼ੀਸਦੀ ਘਟਾਉਣ ਸਬੰਧੀ ਦਿੱਤੇ ਮਸ਼ਵਰੇ ਦਾ ਬੈਂਕਾਂ ਵੱਲੋਂ ਪਾਲਣ ਨਾ ਕਰਨ ਕਰਕੇ ਆਮ ਆਦਮੀ 'ਤੇ ਬਹੁਤ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਤਾਲਬੰਦੀ ਸਦਕਾ ਪੈਦਾ ਹੋਈ ਸਥਿਤੀ 'ਚ ਲੋਕਾਂ ਦਾ ਬੋਝ ਘਟਾਉਣ ਲਈ ਬੈਂਕਾਂ ਨੂੰ ਆਰਬੀਆਈ ਦੇ ਸਾਰੇ ਮਸ਼ਵਰਿਆਂ ਦੀ ਪਾਲਣਾ ਕਰਨ ਦਾ ਨਿਰਦੇਸ਼ ਜਾਰੀ ਕਰਨਾ ਚਾਹੀਦਾ ਹੈ।