ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਕਰਜ਼ਿਆਂ 'ਤੇ ਪਿਛਲੇ ਛੇ ਮਹੀਨਿਆਂ ਦੇ ਵਿਆਜ਼ ਉਪਰ ਵਿਆਜ਼ ਨੂੰ ਮਾਫ਼ ਨਾ ਕਰਨ ਦੇ ਵਿਤਕਰੇਭਰਪੂਰ ਫੈਸਲੇ ਦੇ ਮਾਮਲੇ ਵਿਚ ਤੁਰੰਤ ਦਖਲ ਦੇ ਕੇ ਵਿੱਤ ਮੰਤਰਾਲੇ ਨੂੰ ਇਹ ਫੈਸਲਾ ਖਾਰਜ ਕਰਨ ਦੀ ਹਦਾਇਤ ਦੇਣ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਵਿਆਜ਼ 'ਤੇ ਵਿਆਜ਼ ਮਾਫ਼ ਨਾ ਕਰਨ ਦੀ ਯੋਜਨਾ ਵਿਚ ਕਿਸਾਨਾਂ ਨੂੰ ਸ਼ਾਮਲ ਨਾ ਕੀਤੇ ਜਾਣ ਨੇ ਸਾਬਤ ਕਰ ਦਿੱਤਾ ਹੈ ਕਿ ਨੀਤੀ ਘਾੜੇ ਜ਼ਮੀਨੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਦੂਰ ਹਨ।

ਉਹਨਾਂ ਕਿਹਾ ਕਿ ਇਹ ਭਾਰਤੀ ਲੋਕਤੰਤਰ ਵਿਚ ਬਹੁਤ ਹੀ ਮੰਦਭਾਗਾ ਦਿਨ ਹੋਵੇਗਾ ਜੇਕਰ ਨੀਤੀ ਘਾੜੇ ਖੇਤੀਬਾੜੀ ਖੇਤਰ ਤੱਕ ਪਹੁੰਚ ਕਰ ਕੇ ਕੋਰੋਨਾ ਨਾਲ ਕਿਸਾਨਾਂ ਨੂੰ ਪਈ ਮਾਰ ਤੋਂ ਅਣਜਾਣ ਰਹਿਣਗੇ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਹਜ਼ਾਰਾਂ ਟਨ ਫਲ ਤੇ ਅਨਾਜ ਖੇਤਾਂ ਵਿਚ ਹੀ ਰੁਲ ਗਏ। ਕਿਸਾਨ ਜਿਹਨਾਂ ਨੇ ਪੋਲੀ ਤੇ ਨੈਟ ਹਾਊਸਿਜ਼ ਵਾਸਤੇ ਨਿਵੇਸ਼ ਕੀਤਾ ਸੀ, ਨੂੰ ਵੱਡੇ ਨੁਕਸਾਨ ਝੱਲਣੇ ਪਏ ਕਿਉਂਕਿ ਜਿਣਸ ਮਹੀਨਿਆਂ ਤੱਕ ਮੰਡੀ ਵਿਚ ਨਹੀਂ ਲਿਜਾਈ ਸਕੀ। ਉਹਨਾਂ ਕਿਹਾ ਕਿ ਖੇਤੀਬਾੜੀ ਤੇ ਸਹਾਇਕ ਧੰਦਿਆਂ ਜਿਵੇਂ ਕਿ ਡੇਅਰੀ ਫਾਰਮਿੰਗ ਆਦਿ ਨਾਲ ਜੁੜੇ ਹਰ ਵਿਅਕਤੀ ਦਾ ਵਿੱਤੀ ਨੁਕਸਾਨ ਹੋਇਆ ਹੈ। ਪੰਜਾਬ ਵਿਚ ਝੋਨਾ ਉਤਪਾਦਕਾਂ ਨੂੰ ਵੀ ਵੱਡੇ ਘਾਟੇ ਝੱਲਣੇ ਪਏ ਕਿਉਂਕਿ ਉਹਨਾਂ ਨੂੰ ਲੇਬਰ ਦੀਆਂ ਦੁੱਗਣੀਆਂ ਕੀਮਤਾਂ ਦੇਣੀਆਂ ਪਈਆਂ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਆਸ ਸੀ ਕਿ ਉਹਨਾਂ ਦੀ ਫਸਲੀ ਕਰਜ਼ਾ ਰਾਸ਼ੀ ਤੇ ਟਰੈਕਟਰ ਕਰਜ਼ਿਆਂ ਤੇ ਸਹਾਇਕ ਗਤੀਵਿਧੀਆਂ ਲਈ ਲਏ ਕਰਜ਼ਿਆਂ ਨੂੰ ਮੁਆਫ ਕੀਤਾ ਜਾਵੇਗਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਕਿਸ਼ਤਾਂ ਦੀ ਸਮੇਂ ਸਿਰ ਅਦਾਇਗੀ ਨਾ ਹੋਈ ਹੋਣ ਕਾਰਨ ਵਿਆਜ਼ 'ਤੇ ਵਿਆਜ਼ ਮਾਫ਼ ਕਰਨ ਦੀ ਸਹੂਲਤ ਦੇਣ ਲਈ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਵਿੱਤ ਮੰਤਰਾਲੇ ਨੇ ਉਸ ਅੰਨਦਾਤਾ ਨਾਲ ਭੱਦਾ ਮਜ਼ਾਕ ਕੀਤਾ ਹੈ ਜਿਸਨੇ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਮਹਾਮਾਰੀ ਵੇਲੇ ਦੇਸ਼ ਵਾਸਤੇ ਅਨਾਜ ਸਪਲਾਈ ਕੀਤਾ।

ਬਾਦਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਇਸ ਵਿਤਰੇਭਰਪੂਰ ਨੀਤੀ ਨੂੰ ਵਾਪਸ ਲਏ ਜਾਣ ਲਈ ਹਦਾਇਤਾਂ ਦਿੱਤੀਆਂ ਜਾਣ ਅਤੇ ਬੈਂਕਾਂ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਜਾਣ ਜਿਸ ਨਾਲ ਬੈਂਕ ਉਹਨਾਂ ਕਿਸਾਨਾਂ ਨੂੰ ਵੱਡੀ ਰਾਹਤ ਦੇ ਸਕਣ ਜੋ ਆਪਣੇ ਫਸਲੀ ਕਰਜ਼ਿਆਂ ਤੇ ਹੋਰ ਕਰਜ਼ਿਆਂ ਦੀਆਂ ਕਿਸ਼ਤਾਂ ਮੋੜਨ ਤੇ ਵਿਆਜ਼ ਭਰਨ ਤੋਂ ਅਸਮਰਥ ਹਨ।

ਬਾਦਲ ਨੇ ਕਿਹਾ ਕਿ ਇਹ ਐਲਾਨ ਵੀ ਕਿਸਾਨਾਂ ਵਾਸਤੇ ਦੁਬਿਧਾ ਪੈਦਾ ਕਰਨ ਵਾਲਾ ਦਿਸ ਰਿਹਾ ਹੈ ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਕੇਂਦਰੀ ਖੇਤੀਬਾਡੀ ਮੰਡੀਕਰਣ ਕਾਨੂੰਨਾਂ ਦੀ ਮਾਰ ਝੱਲ ਰਹੇ ਹਨ ਜਿਹਨਾਂ ਕਾਰਨ ਪੰਜਾਬ ਵਿਚ ਮੱਕੀ ਤੇ ਨਰਮੇ ਦੇ ਉਤਪਾਦਕ ਕਿਸਾਨਾਂ ਨੂੰ ਘਾਟੇ ਝੱਲਣੇ ਪਏ ਹਨ ਤੇ ਇਹ ਕਾਨੂੰਨ ਦੇਸ਼ ਭਰ ਵਿਚ ਕਾਨੂੰਨਾਂ ਦਾ ਨੁਕਸਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਹੁਣ ਵਿੱਤ ਮੰਤਰਾਲਾ ਆਖ ਰਿਹਾ ਹੈ ਕਿਸਾਨਾਂ ਨੂੰ ਮਹਾਮਾਰੀ ਕਾਰਨ ਕੋਈ ਘਾਟਾ ਨਹੀਂ ਪਿਆ ਤੇ ਕਿਸਾਨਾਂ ਨੂੰ ਕਿਸੇ ਵਿੱਤੀ ਰਾਹਤ ਦੀ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਇਹ ਗੱਲ ਤਾਂ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਬਰਾਬਰ ਹੈ ਕਿਉਂਕਿ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਮਹਾਮਾਰੀ ਕਾਰਨ ਆਪਣੀਆਂ ਜਿਣਸਾਂ ਮੰਦੇ ਭਾਅ ਵੇਚਣੀਆਂ ਪਈਆਂ ਹਨ।

ਬਾਦਲ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਖੇਤੀਬਾੜੀ ਤੇ ਸਹਾਇਕ ਧੰਦਿਆਂ ਵਿਚ ਲੱਗੇ ਲੋਕਾਂ ਲਈ ਫਸਲੀ ਕਰਜ਼ਾ ਮਾਫ਼ ਕਰਨ ਅਤੇ ਟਰੈਕਟਰ ਕਰਜ਼ਿਆਂ ਸਮੇਤ ਹੋਰ ਕਰਜ਼ਿਆਂ 'ਤੇ ਵਿਆਜ਼ ਮਾਫ਼ ਕਰਨ ਲਈ ਠੋਸ ਪੈਕੇਜ ਪੇਸ਼ ਕਰਨ। ਉਹਨਾਂ ਕਿਹਾ ਕਿ ਸਰਕਾਰ ਨੂੰ ਸਹਾਇਕ ਧੰਦਿਆਂ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਵਾਸਤੇ ਲਏ ਕਰਜ਼ਿਆਂ ਨੂੰ ਵੀ ਮਾਫ਼ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਸਭ ਕੁਝ ਨਾ ਸਿਰਫ ਖੇਤੀਬਾੜੀ ਖੇਤਰ ਨੂੰ ਹੁਲਾਰਾ ਦੇਣ ਵਾਸਤੇ ਬਲਕਿ ਦਿਹਾਤੀ ਅਰਥਚਾਰਾ ਮੁੜ ਲੀਹ 'ਤੇ ਲਿਆਉਣ ਲਈ ਜ਼ਰੂਰੀ ਹੈ।

Posted By: Jagjit Singh