ਕੈਲਾਸ਼ ਨਾਥ, ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਸੈਕਟਰ-25 ਦੀ ਰੈਲੀ ਗਰਾਉਂਡ ਵਿਚ ਸੁਖਬੀਰ ਨੇ ਵਾਅਦਿਆਂ ਦੀ ਝੜੀ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਈ ਤਾਂ ਬਿਜਲੀ ਦੇ ਬਿਲ ਅੱਧੇ ਕਰ ਦੇਣਗੇ। ਉਥੇ ਝੋਨੇ ਤੇ ਕਣਕ 'ਤੇ ਐੱਮਐੱਸਪੀ ਬਰਕਰਾਰ ਰਹੇਗੀ ਅਤੇ ਸਬਜ਼ੀਆਂ ਤੇ ਫਲਾਂ 'ਤੇ ਵੀ ਐੱਮਐੱਸਪੀ ਲਾਗੂ ਕਰਾਂਗੇ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ, ''ਜੰਗ ਦੀ ਸ਼ੁਰੂਆਤ ਹੋ ਗਈ ਹੈ।'' 2017 ਵਿਚ ਕਾਂਗਰਸ ਨੇ ਪ੍ਰਚਾਰ ਕੀਤਾ ਸੀ 'ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ' ਤੇ ਇਸੇ ਤਰਜ਼ 'ਤੇ ਉਨ੍ਹਾਂ ਨੇ 'ਚਾਹੁੰਦਾ ਹੈ ਪੰਜਾਬ, ਕੈਪਟਨ ਤੋਂ ਜਵਾਬ' ਥੀਮ 'ਤੇ ਮੁਹਿੰਮ ਸ਼ੁਰੂ ਕੀਤੀ। ਪਾਰਟੀ ਪ੍ਰਧਾਨ ਨੇ ਕਿਹਾ ਕਿ ਸੂਬੇ ਦੇ 117 ਹਲਕਿਆਂ ਵਿਚ ਜਾ ਕੇ ਉਹ ਕੈਪਟਨ ਤੋਂ ਜਵਾਬ ਮੰਗਣਗੇ ਕਿਉਂਕਿ ਚਾਰ ਸਾਲਾਂ ਵਿਚ ਕੈਪਟਨ ਨੇ ਕੁਝ ਨਹੀਂ ਕੀਤਾ, ਸੂਬੇ ਦੇ ਲੋਕ ਕੈਪਟਨ ਤੋਂ ਜਵਾਬ ਮੰਗ ਰਹੇ ਹਨ। ਸੁਖਬੀਰ ਨੇ ਕਿਹਾ ਕਿ ਗੁਟਕਾ ਸਾਹਿਬ ਹੱਥਾਂ ਵਿਚ ਲੈ ਕੇ ਚਾਰ ਹਫ਼ਤਿਆਂ ਵਿਚ ਨਸ਼ੇ ਖ਼ਤਮ ਕਰਨ ਦਾ ਵਾਅਦਾ ਕਰਨ ਨਾਲੋਂ ਵੱਡੀ ਬੇਅਦਬੀ ਹੋਰ ਕੋਈ ਨਹੀਂ ਹੈ। ਲੋਕਾਂ ਨੇ ਕੈਪਟਨ 'ਤੇ ਇਸ ਵਜ੍ਹਾ ਨਾਲ ਭਰੋਸਾ ਕੀਤਾ ਸੀ ਕਿਉਂਕਿ ਇਸ ਤੋਂ ਪਹਿਲਾਂ ਕਿਸੇ ਨੇ ਗੁਟਕਾ ਸਾਹਿਬ ਹੱਥਾਂ ਵਿਚ ਲੈ ਕੇ ਕਸਮ ਨਹੀਂ ਖਾਧੀ ਸੀ। ਸੁਖਬੀਰ ਨੇ ਕਿਹਾ ਕਿ ਕੈਪਟਨ ਇਹੋ-ਜਿਹੇ ਮੁੱਖ ਮੰਤਰੀ ਹਨ ਜਿਹੜੇ ਆਪਣੀ ਗ਼ਲਤੀ ਵੀ ਕੇਂਦਰ ਸਰਕਾਰ ਦੇ ਖਾਤੇ ਵਿਚ ਪਾ ਕੇ ਲੋਕਾਂ ਦਾ ਧਿਆਨ ਭਟਕਾਉਂਦੇ ਹਨ। ਉਨ੍ਹਾਂ ਕਿਹਾ ਕਿ ਜਾਖੜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਰੁੱਧ ਰਾਜਪਾਲ ਦਾ ਿਘਰਾਓ ਕਰ ਰਹੇ ਹਨ ਜਦਕਿ ਪੰਜਾਬ ਇਹੋ-ਜਿਹਾ ਸੂਬਾ ਹੈ ਜਿੱਥੇ ਪੈਟਰੋਲ ਤੇ ਡੀਜ਼ਲ 'ਤੇ ਸਭ ਤੋਂ ਵੱਧ ਵੈਟ ਹੈ।

ਖ਼ਾਸ ਪੱਖ

ਕਰੀਬ 25 ਮਿੰਟਾਂ ਦੇ ਭਾਸ਼ਣ ਦੌਰਾਨ ਸੁਖਬੀਰ ਨੇ ਇਕ ਵਾਰ ਵੀ ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ ਵਿਰੁੱਧ ਹਮਲਾ ਨਹੀਂ ਕੀਤਾ।

- 8 ਮਾਰਚ ਨੂੰ ਅਕਾਲੀ ਦਲ ਪੈਟਰੋਲੀਅਮ ਪਦਾਰਥਾਂ ਦੀਆਂ ਵਧੀਆਂ ਦਰਾਂ ਨੂੰ ਲੈ ਕੇ ਜ਼ਿਲ੍ਹਾ ਪੱਧਰ 'ਤੇ ਮੁਜ਼ਾਹਰੇ ਕਰੇਗਾ।

- ਪੋਸਟ ਮੀਟਿ੍ਕ ਵਜ਼ੀਫ਼ਾ ਘਪਲੇ ਨੂੰ ਲੈ ਕੇ ਕੈਬਨਿਟ ਵਜ਼ੀਰ ਸਾਧੂ ਸਿੰਘ ਧਰਮਸੋਤ ਦਾ ਨਾਂ ਲਿਆ।

- ਫਰੀਦਕੋਟ ਵਿਚ ਪਾਵਰਕਾਮ ਠੇਕੇਦਾਰ ਕਰਨ ਕਟਾਰੀਆ ਨੂੰ ਸਤਾਉਣ ਤੇ ਇਸ ਕਾਰਨ ਉਸ ਵੱਲੋਂ ਪਤਨੀ ਤੇ ਦੋ ਬੱਚਿਆਂ ਸਮੇਤ ਖ਼ੁਦ ਨੂੰ ਗੋਲੀ ਮਾਰਨ ਸਬੰਧੀ ਵਿਧਾਇਕ ਰਾਜਾ ਵੜਿੰਗ ਤੇ ਉਸ ਦੇ ਸਾਲੇ ਡਿੰਪੀ ਵਿਨਾਇਕ ਦਾ ਨਾਂ ਹੋਣ ਬਾਰੇ ਮੁੱਦਾ ਚੁੱਕਿਆ।

- 10 ਸਾਲਾਂ ਦੇ ਕਾਰਜਕਾਲ 'ਚ ਚੰਗੀਆਂ ਸੜਕਾਂ ਹੋਣ ਜਾਂ ਸਰਪੱਲਸ ਬਿਜਲੀ ਜਿਹੇ ਵਾਅਦੇ ਵਗੈਰ ਪੂਰੇ ਕਰਨ ਦੀ ਮੰਗ ਕੀਤੀ।

- ਅਕਾਲੀ ਦਲ ਦੇ ਆਗੂਆਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਲਈ ਸੂਬਾ ਸਰਕਾਰ ਨੂੰ ਘੇਰਿਆ।

ਬਿਕਰਮ ਮਜੀਠੀਆ ਤੇ ਜਗਮੀਤ ਬਰਾੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖੇ ਹਮਲੇ ਕੀਤੇ।

Posted By: Amita Verma