ਨਿਰਮਲ ਸਿੰਘ ਮਾਨਸਾਹੀਆ, ਚੰਡੀਗੜ : ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਇੱਥੇ ਕਿਹਾ ਕਿ ਸਿਆਸੀ ਜ਼ਮੀਨ ਖੁੱਸਦੀ ਦੇਖ ਕੇ ਸੁਖਬੀਰ ਨੇ ਦਿਮਾਗੀ ਸੰਤੁਲਨ ਗਵਾ ਲਿਆ ਹੈ, ਜਿਸ ਕਾਰਨ ਉਹ ਬੇਬੁਨਿਆਦ ਬਿਆਨਬਾਜ਼ੀ ਕਰ ਰਿਹਾ ਹੈ ਅਤੇ ਬਿਆਨਬਾਜ਼ੀ ਦਾ ਆਧਾਰ ਉਸ ਧਾਰਮਿਕ ਮਸਲੇ ਨੂੰ ਬਣਾ ਰਿਹਾ ਹੈ ਜਿਸ ਵਿਚ ਸੁਖਬੀਰ ਨੇ ਖੁਦ ਸਰਕਾਰ ਵਿਚ ਰਹਿੰਦਿਆਂ ਕੁਝ ਨਹੀਂ ਸੀ ਕੀਤਾ।

ਕਾਂਗੜ ਨੇ ਕਿਹਾ ਕਿ ਪੰਜ ਸਾਲ ਤੱਕ ਸੁਖਬੀਰ ਨੂੰ ਕਦੇ ਫਰੀਦਕੋਟ ਜ਼ਿਲੇ ਦੇ ਬਹਿਬਲ ਕਲਾਂ ਦਾ ਰਸਤਾ ਯਾਦ ਨਹੀਂ ਆਇਆ ਜਦਕਿ ਉਹ ਖੁਦ ਇਸ ਹਲਕੇ ਤੋਂ ਲੋਕ ਸਭਾ ਦੀ ਚੋਣ ਲੜ ਚੁੱਕਾ ਹੈ। ਉਨਾਂ ਕਿਹਾ ਕਿ ਮੈਨੂੰ ਸੁਰਜੀਤ ਸਿੰਘ ਦੇ ਦਿਹਾਂਤ ਦਾ ਬੇਹੱਦ ਅਫਸੋਸ ਹੈ ਅਤੇ ਪ੍ਰਮਾਤਮਾ ਉਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ। ਕਾਂਗੜ ਨੇ ਕਿਹਾ ਕਿ ਜਿੱਥੋਂ ਤੱਕ ਮੀਡੀਆ ਰਾਹੀਂ ਸੁਰਜੀਤ ਸਿੰਘ ਦੀ ਕੁਦਰਤੀ ਮੌਤ ਦਾ ਲਾਹਾ ਲੈਣ ਲਈ ਸੁਖਬੀਰ ਵਲੋਂ ਮੇਰੇ ਵਿਰੁੱਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਉਸ ਬਾਰੇ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਕਦੇ ਵੀ ਸੁਰਜੀਤ ਸਿੰਘ ਜਾਂ ਉਸਦੇ ਕਿਸੇ ਪਰਿਵਾਰਕ ਮੈਂਬਰ ਨੂੰ ਨਿੱਜੀ ਤੌਰ 'ਤੇ ਨਹੀਂ ਮਿਲਿਆ ਅਤੇ ਨਾ ਹੀ ਕਦੀ ਉਨਾਂ ਨਾਲ ਫੋਨ 'ਤੇ ਗੱਲ ਕੀਤੀ ਹੈ। ਉਨਾਂ ਕਿਹਾ ਕਿ ਸੁਰਜੀਤ ਸਿੰਘ ਦੇ ਪਰਿਵਾਰ ਦਾ ਪਿੰਡ ਦੇ ਹੀ ਨਿਵਾਸੀ ਮਨਜਿੰਦਰ ਸਿੰਘ ਨਾਲ ਨਿੱਜੀ ਝਗੜਾ ਸੀ ।

ਉਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਬੰਧੀ ਸੁਖਬੀਰ ਨੇ ਅੱਜ ਤੱਕ ਕਦੇ ਬਹਿਬਲ ਕਲਾਂ ਜਾ ਕੇ ਅਫਸੋਸ ਨਹੀਂ ਪ੍ਰਗਟਾਇਆ ਅਤੇ ਅੱਜ ਇਹ ਸਿਰਫ ਸਿਆਸੀ ਲਾਹਾ ਲੈਣ ਲਈ ਝੂਠੀ ਬਿਆਨਬਾਜ਼ੀ ਕਰ ਰਿਹਾ ਹੈ।

ਕਾਂਗੜ ਨੇ ਕਿਹਾ ਕਿ ਸੁਖਬੀਰ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਅਸਲ ਕਾਰਨ ਭਾਜਪਾ ਵਲੋਂ ਦਿੱਲੀ ਵਿਚ ਬੁਲਾਈ ਗਈ ਫਤਿਹ ਹੈ ਕਿਉਂਕਿ ਉਹ ਪਹਿਲਾਂ ਟਕਸਾਲੀ ਵਲੋਂ ਦਿੱਤੇ ਗਏ ਜ਼ਖ਼ਮਾਂ ਤੋਂ ਹੀ ਨਹੀਂ ਸੀ ਉੱਭਰਿਆ ਕਿ ਭਾਜਪਾ ਨੇ ਨਵੀਂ ਮੁਸੀਬਤ ਪਾ ਦਿੱਤੀ ਹੈ।

ਇਸ ਮੌਕੇ ਬੋਲਦਿਆਂ ਫਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ(ਕਿੱਕੀ ਢਿੱਲੋਂ) ਨੇ ਕਿਹਾ ਕਿ ਸੁਖਬੀਰ ਅਤੇ ਉਸਦੇ ਚਮਚਿਆਂ ਨੂੰ ਸਾਡੇ ਨਾਲ ਨਿੱਜੀ ਖੁੰਦਕ ਹੈ ਜਿਸ ਕਾਰਨ ਉਹ ਬਿਨ•ਾਂ ਕਿਸੇ ਆਧਾਰ ਦੇ ਸਾਡਾ ਨਾਮ ਇਸ ਮਾਮਲੇ ਵਿੱਚ ਉਛਾਲ ਰਿਹਾ ਹੈ। ਉਨ•ਾਂ ਕਿ ਸੁਖਬੀਰ ਦੇ ਬਿਆਨ ਕਿੰਨੇ ਕੁ ਸੱਚੇ ਹੁੰਦੇ ਹਨ ਇਹ ਤਾਂ ਸਾਰੇ ਲੋਕ ਹੀ ਜਾਣਦੇ ਹਨ। ਇਸ ਦਾ ਇੱਕ ਸਬੂਤ ਇਸ ਗੱਲ ਤੋਂ ਲਿਆ ਜਾ ਸਕਦਾ ਹੈ ਕਿ ਉਸਨੇ ਤਾਂ ਬਹਿਬਲ ਕਲ•ਾਂ ਮਾਮਲੇ ਸਬੰਧੀ ਗਠਿਤ ਰਣਜੀਤ ਸਿੰਘ ਕਮਿਸ਼ਨ ਸਬੰਧੀ ਵਿਧਾਨ ਸਭਾ ਦੇ ਫਲੋਰ 'ਤੇ ਝੂਠ ਬੋਲਿਆ ਸੀ ਅਤੇ ਵਿਸ਼ੇਸ਼ ਅਧਿਕਾਰ ਕਮੇਟੀ ਵਲੋਂ ਮਾਮਲੇ ਦੀ ਪੜਤਾਲ ਉਪਰੰਤ ਉਸਨੂੰ ਦੋਸ਼ੀ ਮੰਨਦਿਆਂ ਉਸ ਖਿਲਾਫ ਕਾਰਵਾਈ ਕਰਨ ਲਈ ਸਪੀਕਰ ਨੂੰ ਲਿਖ ਦਿੱਤਾ ਸੀ। ਉਨ•ਾਂ ਕਿਹਾ ਕਿ ਜਦੋਂ ਬਹਿਬਲ ਕਲ•ਾਂ ਕਾਂਡ ਹੋਇਆ ਸੀ ਤਾਂ ਅਸੀਂ ਕੈਪਟਨ ਸਾਹਿਬ ਦੀ ਅਗਵਾਈ ਵਿਚ ਬਹਿਬਲ ਕਲਾਂ ਗਏ ਸੀ ਅਤੇ ਪੀੜਤ ਪਰਿਵਾਰਾਂ ਨਾਲ ਵੀ ਦੁੱਖ ਸਾਂਝਾ ਕੀਤਾ ਸੀ।

ਉਹਨਾਂ ਕਿਹਾ ਕਿ ਸੁਖਬੀਰ ਵਲੋਂ ਖੁਦ ਸੱਤਾ ਵਿਚ ਹੁੰਦਿਆਂ ਜੋਰਾ ਸਿੰਘ ਕਮਿਸ਼ਨ ਅਤੇ ਸਾਡੀ ਸਰਕਾਰ ਵਲੋਂ ਬਣਾਏ ਗਏ ਰਣਜੀਤ ਸਿੰਘ ਕਮਿਸ਼ਨ ਵਲੋਂ ਸੁਖਬੀਰ ਅਤੇ ਅਕਾਲੀ ਆਗੂਆਂ ਖਿਲਾਫ ਇਸ ਮਾਮਲੇ ਵਿੱਚ ਗ਼ਲਤ ਭੂਮਿਕਾ ਨਿਭਾਉਣ ਦੀ ਰਿਪੋਰਟ ਪੇਸ਼ ਕੀਤੀ ਸੀ ਅਤੇ ਹੁਣ ਸਾਨੂੰ ਆਸ ਹੈ ਕਿ ਅਦਾਲਤ ਸਾਨੂੰ ਇਨਸਾਫ ਦੇਵੇਗੀ।

Posted By: Tejinder Thind