ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫ਼ਿਰੋਜ਼ਪੁਰ ਤੋਂ ਤੇ ਬੀਬੀ ਹਰਸਿਮਰਤ ਕੌਰ ਬਾਦਲ ਬਠਿੰਡੇ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖੁ਼ਦ ਇਸ ਦਾ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਰਕਰਾਂ ਦਾ ਹੌਸਲਾ ਵਧਾਉਣ ਲਈ ਖ਼ੁਦ ਚੋਣ ਮੈਦਾਨ ਵਿਚ ਨਿਤਰਣ ਦਾ ਮਨ ਪਹਿਲਾਂ ਹੀ ਬਣਾ ਲਿਆ ਸੀ। ਉਨ੍ਹਾਂ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਦੀ ਪੂਰੀ ਤਿਆਰੀ ਪਹਿਲਾਂ ਹੀ ਕੀਤੀ ਹੋਈ ਸੀ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਦੀ ਬਠਿੰਡਾ ਸੀਟ ਤੋਂ ਹੀ ਲੜਨ ਦਾ ਫ਼ੈਸਲਾ ਵੀ ਹੋ ਚੁੱਕਾ ਸੀ। ਦੋਵਾਂ ਦੇ ਨਾਵਾਂ ਨੂੰ ਸਾਬਕਾ ਮੁੱਖ ਮੰਤਰੀ ਅਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਵੀ ਹਰੀ ਝੰਡੀ ਦਿੱਤੀ ਹੋਈ ਸੀ ਬੱਸ ਐਲਾਨ ਬਾਕੀ ਸੀ।

ਪਿਛਲੇ ਦਿਨੀਂ ਬਾਦਲ ਦੀ ਮੌਜੂਦਗੀ 'ਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ 'ਚ ਪਾਰਟੀ ਦੇ ਸਾਰੇ ਨੇਤਾਵਾਂ ਨੇ ਸੁਖਬੀਰ ਨੂੰ ਸਲਾਹ ਦਿੱਤੀ ਸੀ ਕਿ ਜੇਕਰ ਉਹ ਫਿਰੋਜ਼ਪੁਰ ਤੋਂ ਚੋਣ ਲੜਦੇ ਹਨ ਤਾਂ ਵਰਕਰਾਂ ਦਾ ਹੌਸਲਾ ਵਧੇਗਾ। ਇਸ ਦਾ ਪਾਰਟੀ ਵੱਲੋਂ ਲੜੀਆਂ ਜਾ ਰਹੀਆਂ ਸਾਰੀਆਂ ਦਸ ਸੀਟਾਂ 'ਤੇ ਚੰਗਾ ਅਸਰ ਪਵੇਗਾ। ਬਠਿੰਡਾ, ਫਰੀਦਕੋਟ, ਸੰਗਰੂਰ, ਫਤਹਿਗੜ੍ਹ ਸਾਹਿਬ ਅਤੇ ਖਡੂਰ ਸਾਹਿਬ ਸੀਟਾਂ 'ਤੇ ਜਿੱਤ ਹਾਸਲ ਕਰਨ 'ਚ ਜ਼ਿਆਦਾ ਆਸਾਨੀ ਹੋਵੇਗੀ। ਮੀਟਿੰਗ 'ਚ ਇਕ ਜੱਥੇਦਾਰ ਨੇ ਸੁਖਬੀਰ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਬੱਚਾ ਜੀ ਜੇਕਰ ਜਨਰਲ ਖ਼ੁਦ ਮੈਦਾਨ-ਏ-ਜੰਗ ਵਿਚ ਅੱਗੇ ਹੋ ਕੇ ਲੜੇ ਤਾਂ ਫ਼ੌਜ ਦੇ ਹੌਸਲੇ ਬੁਲੰਦ ਹੁੰਦੇ ਹਨ।

Posted By: Akash Deep