ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਆਮ ਗਿਆਨ ਵਿੱਚ ਵਾਧਾ ਕਰਨ ਲਈ ਸ਼ੁਰੂ ਕੀਤਾ ‘ਉਡਾਣ ਪ੍ਰੋਜੈਕਟ’ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਅਤੇ ਹੁਣ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੇ ਆਮ ਗਿਆਨ ਦਾ ਮੁਲਾਂਕਣ ਕਰਨ ਲਈ ਅਪ੍ਰੈਲ ਵਿਚ ਟੈਸਟ ਕਰਵਾਉਣ ਵਾਸਤੇ ਰੂਪ-ਰੇਖਾ ਉਲੀਕੀ ਹੈ।

ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਅਤੇ ਇਸ ਦੇ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ। ਬੁਲਾਰੇ ਅਨੁਸਾਰ ‘ਉਡਾਣ ਪ੍ਰੋਜੈਕਟ’ ਦੇ ਹੇਠ ਬੱਚਿਆਂ ਦੇ ਆਮ ਗਿਆਨ ਵਿੱਚ ਵਾਧਾ ਕਰਨ ਲਈ ਛੇਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰੋਜ਼ਾਨਾਂ ਸ਼ੀਟਾਂ/ਸਲਾਈਡਾਂ ਭੇਜੀਆਂ ਜਾ ਰਹੀਆਂ ਹਨ।

ਵਿਭਾਗ ਨੇ ਵਿਦਿਆਰਥੀਆਂ ਦੇ ਗਿਆਨ ਦਾ ਮੁਲਾਂਕਣ ਕਰਨ ਲਈ ਅਪ੍ਰੈਲ ਮਹੀਨੇ ਦੇ ਪਹਿਲੇ ਸ਼ਨੀਵਾਰ 3 ਅਪ੍ਰੈਲ 2021 ਨੂੰ ਪਹਿਲਾ ਮੌਕ ਟੈਸਟ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸੇ ਤਰ੍ਹਾਂ ਹੀ ਦੂਜਾ ਮੌਕ ਟੈਸਟ 17 ਅਪ੍ਰੈਲ ਨੂੰ ਕਰਵਾਇਆ ਜਾਵੇਗਾ ਜਦਕਿ ਫਾਈਨਲ ਮੁਕਾਬਲਾ 24 ਅਪ੍ਰੈਲ 2021 ਨੂੰ ਆਯੋਜਿਤ ਕਰਵਾਇਆ ਹੋਵੇਗਾ।

Posted By: Tejinder Thind