* ਲੈਕਚਰਾਰ ਦਾ ਡੇਰਾਬੱਸੀ ਦੇ ਸਿਵਲ ਹਸਪਤਾਲ 'ਚ ਕਰਵਾਇਆ ਇਲਾਜ

* ਬੰਨ੍ਹੀ ਪੱਗ 'ਚ ਲੁਕੋਇਆ ਸੀ ਵਿਦਿਆਰਥੀ ਨੇ ਬਲੂਟੂਥ

13ਸੀਐਚਡੀ902ਪੀ

ਡੇਰਾਬੱਸੀ ਪੁਲਿਸ ਥਾਣੇ ਦੇ ਬਾਹਰ ਲੈਕਚਰਾਰ ਅਮੀਰ ਆਪਣੇ ਸਾਥੀਆਂ ਨਾਲ ਘਟਨਾ ਦੀ ਜਾਣਕਾਰੀ ਦਿੰਦੇ ਹੋਏ।

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ

ਲਾਲੜੂ ਦੇ ਰਾਮਦੇਵੀ ਜਿੰਦਲ ਇੰਜੀਨੀਅਰਿੰਗ ਕਾਲਜ ਵਿਖੇ ਰੀਅਪੀਅਰ ਦਾ ਪੇਪਰ ਦੇਣ ਆਏ ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ 'ਤੇ ਛੁੱਟੀ ਤੋਂ ਬਾਅਦ ਵਿਦਿਆਰਥੀ ਨੇ ਆਪਣੇ ਚਾਰ ਸਾਥੀਆਂ ਨਾਲ ਮਿਲ ਇਕ ਲੈਕਚਰਾਰ 'ਤੇ ਡੇਰਾਬੱਸੀ ਪਹੁੰਚਣ 'ਤੇ ਹਮਲਾ ਕਰ ਦਿੱਤਾ। ਕਸ਼ਮੀਰ ਮੂਲ ਦੇ ਇਸ ਲੈਕਚਰਾਰ ਦਾ ਸਿਵਲ ਹਸਪਤਾਲ ਡੇਰਾਬਸੀ 'ਚ ਇਲਾਜ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਵੀਰਵਾਰ ਨੂੰ ਬੀ ਟੈੱਕ ਮਕੈਨੀਕਲ ਸਟਰੀਮ ਦੇ ਵਿਦਿਆਰਥੀ ਨਰੇਸ਼ ਸ਼ਰਮਾ ਪੁੱਤਰ ਭਾਰਤ ਭੂਸ਼ਣ ਸ਼ਰਮਾ ਪਗੜੀ ਬੰਨ੍ਹ ਕੇ ਪੇਪਰ ਦੇਣ ਆਇਆ ਸੀ। ਪ੍ਰਰੀਖਿਆ ਕੇਂਦਰ 'ਚ ਕਾਲਜ ਦੀ ਫ਼ੈਕਲਟੀ ਤਹਿਤ ਲੈਕਚਰਾਰ ਅਮੀਰ ਬਾਸੀਰ ਸਮੇਤ ਹੋਰਨਾਂ ਦੀ ਡਿਊਟੀ ਲੱਗੀ ਹੋਈ ਸੀ। ਆਮਿਰ ਬਸੀਰ ਮੁਤਾਬਕ ਪ੍ਰਰੀਖਿਆ ਸ਼ੁਰੂ ਹੋਣ ਦੇ ਕਰੀਬ ਡੇਢ ਘੰਟੇ ਬਾਅਦ ਉਸ ਨੂੰ ਕਿਸੇ ਦੇ ਹੌਲੀ-ਹੌਲੀ ਬੋਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਉਹ ਨਰੇਸ਼ ਸ਼ਰਮਾ ਦੀ ਪਗੜੀ ਕੋਲ ਕੰਨ ਰੱਖ ਕੇ ਸੁਣਨ ਲੱਗਾ ਤਾਂ ਉਸ ਦੇ ਕੰਨ 'ਚ ਲੱਗੇ ਬਲੂਟੂਥ ਡਿਵਾਈਸ ਤੋਂ ਆਵਾਜ਼ ਆ ਰਹੀ ਸੀ। ਆਵਾਜ਼ ਸੁਣ ਕੇ ਨਰੇਸ਼ ਸ਼ਰਮਾ ਪੇਪਰ ਦੌਰਾਨ ਨਕਲ ਕਰਨ ਲਈ ਮੱਦਦ ਲੈ ਰਿਹਾ ਸੀ। ਨਰੇਸ਼ ਸੀਟ ਤੋਂ ਖੜ੍ਹਾ ਹੋ ਕੇ ਬਾਹਰ ਗਿਆ ਤੇ ਜਾਂਦੇ ਸਮੇਂ ਹੀ ਉਸ ਨੇ ਅਮੀਰ ਨੂੰ ਧਮਕੀਆਂ ਦਿੱਤੀਆਂ ਕਿ ਛੁੱਟੀ ਤੋਂ ਬਾਅਦ ਉਸ ਨੂੰ ਵੇਖ ਲੇਵਾਂਗਾ। ਸਵੇਰ ਦੀ ਪ੍ਰਰੀਖਿਆ ਤੋਂ ਬਾਅਦ ਦੁਪਹਿਰ ਬਾਅਦ ਵੀ ਪ੍ਰਰੀਖਿਆ ਹੋਈ, ਜੋ ਨਰੇਸ਼ ਨੇ ਦਿੱਤੀ ਪਰ ਅਮੀਰ ਦੀ ਡਿਊਟੀ ਕਿਸੇ ਹੋਰ ਕਮਰੇ 'ਚ ਹੋਣ ਕਾਰਨ ਉਸ ਦਾ ਮੁੜ ਤੋਂ ਸਾਹਮਣਾ ਨਹੀਂ ਹੋਇਆ ।

ਅਮੀਰ ਆਪਣੇ ਸਾਥੀ ਲੈਕਚਰਾਰ ਨਾਲ ਕਾਲਜ ਦੀ ਬੱਸ 'ਚ ਸ਼ਾਮ ਕਰੀਬ ਸਾਢੇ 6 ਵਜੇ ਡੇਰਾਬੱਸੀ ਬੱਸ ਸਟੈਂਡ ਤੇ ਉਤਰਿਆ। ਅਮੀਰ ਮੁਤਾਬਕ ਸਭ ਤੋਂ ਪਹਿਲਾਂ ਉਹ ਉਤਰਿਆ ਸੀ ਤੇ ਉੱਥੇ ਤਿੰਨ ਮੋਟਰਸਾਈਕਲ ਆ ਰੁਕੇ ਜਿਨ੍ਹਾਂ 'ਚ ਇਕ 'ਤੇ ਨਰੇਸ਼ ਸ਼ਰਮਾ ਅਤੇ ਬਾਕੀਆਂ 'ਤੇ ਉਸ ਦੇ ਅਣਪਛਾਤੇ ਸਾਥੀ ਸਵਾਰ ਸਨ। ਉਨ੍ਹਾਂ ਆਉਂਦੇ ਹੀ ਉਸ ਦੇ ਲੱਤਾਂ ਅਤੇ ਘਸੁੰਨ ਮਾਰਨੇ ਸ਼ੁਰੂ ਕਰ ਦਿੱਤੇ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦਾ ਸਾਰੇ ਹਮਲਾਵਰ ਧਮਕੀਆਂ ਦਿੰਦੇ ਹੋਏ ਮੋਟਰਸਾਈਕਲ ਤੇ ਫ਼ਰਾਰ ਹੋ ਗਏ।

ਅਮੀਰ ਨੇ ਦੱਸਿਆ ਕਿ ਪਤਾ ਲੱਗਾ ਹੈ ਕਿ ਨਰੇਸ਼ ਸ਼ਰਮਾ ਜ਼ੀਰਕਪੁਰ 'ਚ ਰਹਿੰਦਾ ਹੈ ਅਤੇ ਉਹ ਕਿਸੇ ਪ੍ਰਰਾਈਵੇਟ ਕੰਪਨੀ 'ਚ ਨੌਕਰੀ ਕਰਦਾ ਹੈ। ਅਮੀਰ ਨੇ ਸ਼ਾਮ ਨੂੰ ਸਿਵਲ ਹਸਪਤਾਲ 'ਚ ਆਪਣਾ ਮੈਡੀਕਲ ਕਰਵਾਇਆ ਅਤੇ ਇਲਾਜ ਤੋਂ ਬਾਅਦ ਡੇਰਾਬਸੀ ਪੁਲਿਸ ਨੂੰ ਨਰੇਸ਼ ਸ਼ਰਮਾ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਸ਼ਿਕਾਇਤ ਦਿੱਤੀ ਹੈ। ਡੇਰਾਬੱਸੀ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।