ਜੇਐੱਨਐੱਨ, ਚੰਡੀਗਡ਼੍ਹ : ਪੰਜਾਬ 'ਚ ਕਿਸਾਨ ਖੇਤਾਂ 'ਚ ਪਰਾਲੀ ਸਾਡ਼ਨ ਤੋਂ ਬਾਜ਼ ਨਹੀਂ ਆ ਰਹੇ ਤੇ ਇਸ ਕਾਰਨ ਸੂਬੇ 'ਚ ਹਵਾ ਪ੍ਰਦੂਸ਼ਣ ਕਾਰਨ ਹਾਲਤ ਲਗਾਤਾਰ ਖ਼ਰਾਬ ਹੋ ਰਹੀ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਪਰਾਲੀ ਸਾਡ਼ਨ ਦੀਆਂ ਘਟਨਾਵਾਂ ਰੋਕਣ ਤੇ ਸਖ਼ਤ ਕਾਰਵਾਈ ਦੇ ਦਾਅਵੇ ਕਰ ਰਿਹਾ ਹੈ ਪਰ ਹਕੀਕਤ ਇਸ ਤੋਂ ਕਾਫ਼ੀ ਅਲੱਗ ਹੈ। ਸੂਬੇ 'ਚ ਪਰਾਲੀ ਸਾਡ਼ਨ ਦੀਆਂ ਘਟਨਾਵਾਂ ਦਾ ਅੰਕਡ਼ਾ ਸਾਢੇ 18 ਹਜ਼ਾਰ ਤੋਂ ਉੱਪਰ ਚਲਾ ਗਿਆ ਹੈ, ਪਰ FIR ਮੁਸ਼ਕਲ ਨਾਲ 200 ਕਿਸਾਨਾਂ ਦੇ ਖ਼ਿਲਾਫ਼ ਹੀ ਹੋਈ ਹੈ। ਕੁਝ ਮਾਮਲਿਆਂ 'ਚ ਤਾਂ ਸਿਰਫ਼ ਜੁਰਮਾਨਾ ਹੀ ਕੀਤਾ ਗਿਆ ਹੈ। ਕੇਸ ਦਰਜ ਕਰਨ 'ਚ ਕਾਫ਼ੀ ਢਿੱਲ ਵਰਤੀ ਜਾ ਰਹੀ ਹੈ। ਇਸ ਤੋਂ ਕਿਸਾਨ ਬੇਖ਼ੌਫ ਹੋ ਕੇ ਪਰਾਲੀ ਸਾਡ਼ ਰਹੇ ਹਨ।

ਤਰਨਤਾਰਨ ਤੇ ਅੰਮ੍ਰਿਤਸਰ 'ਚ ਸਭ ਤੋਂ ਜ਼ਿਆਦਾ 5,000 ਘਟਨਾਵਾਂ, ਸਿਰਫ਼ 10 'ਤੇ ਹੀ ਕਾਰਵਾਈ

ਸਭ ਤੋਂ ਜ਼ਿਆਦਾ ਪਰਾਲੀ ਸਾਡ਼ਨ ਵਾਲੇ ਅੰਮ੍ਰਿਤਸਰ ਤੇ ਤਰਨਤਾਰਨ 'ਚ ਹੁਣ ਤਕ 5-5 ਕੇਸ ਹੀ ਦਰਜ ਹੋਏ ਹਨ, ਜਦਕਿ ਲੁਧਿਆਣਾ ਸਥਿਤ ਰਿਮੋਟ ਸੈਂਸਿੰਗ ਸੈਂਟਰ ਨੇ ਇਨ੍ਹਾਂ ਦੋਵਾਂ ਜ਼ਿਲ੍ਹਿਆਂ 'ਚ ਪੰਜ ਹਜ਼ਾਰ ਤੋਂ ਜ਼ਿਆਦਾ ਪਰਾਲੀ ਸਾਡ਼ਨ ਦੀਆਂ ਘਟਨਾਵਾਂ ਦਰਜ ਕੀਤੀਆਂ ਹਨ। ਸੰਗਰੂਰ 'ਚ 83, ਨਵਾਂਸ਼ਹਿਰ 'ਚ 61, ਰੂਪਨਗਰ 'ਚ 18, ਮੋਹਾਲੀ 'ਚ 16 ਕੇਸ ਦਰਜ ਕੀਤੇ ਗਏ ਹਨ।

ਪ੍ਰਸਤਾਵ ਪਾਸ ਕਰਨ ਵਾਲੀਆਂ 7,000 ਪੰਚਾਇਤਾਂ 'ਚ ਹੀ 10,000 ਤੋਂ ਜ਼ਿਆਦਾ ਕਿਸਾਨਾਂ ਨੇ ਸਾਡ਼ੀ ਪਰਾਲੀ

ਫ਼ਰੀਦਕੋਟ, ਮੁਕਤਸਰ, ਫਿਰੋਜ਼ਪੁਰ ਤੇ ਬਠਿੰਡਾ 'ਚ ਇਕ ਵੀ ਕੇਸ ਦਰਜ ਨਹੀਂ ਹੋਇਆ ਹੈ। ਜਲੰਧਰ 'ਚ ਪੰਜ, ਹੁਸ਼ਿਆਰਪੁਰ 'ਚ ਚਾਰ ਤੇ ਗੁਰਦਾਸਪੁਰ 'ਚ ਦੋ ਐੱਫਆਈਆਰ ਹੋਈਆਂ ਹਨ। ਕੁਝ ਮਾਮਲਿਆਂ 'ਚ ਕਿਸਾਨਾਂ ਦੀ ਜ਼ਮੀਨ ਦੀਆਂ ਰੈੱਡ ਐਂਟਰੀਜ਼ ਵੀ ਕੀਤੀਆਂ ਗਈਆਂ ਹਨ, ਪਰ ਕਿਸਾਨ ਬਾਜ਼ ਨਹੀਂ ਆ ਰਹੇ। ਇਸ ਨਾਲ ਸੂਬੇ 'ਚ ਪ੍ਰਦੂਸ਼ਣ ਦਾ ਪੱਧਰ ਵੀ ਵਧ ਰਿਹਾ ਹੈ। ਪੰਜਾਬ 'ਚ 13 ਹਜ਼ਾਰ ਤੋਂ ਜ਼ਿਆਦਾ ਪੰਚਾਇਤਾਂ ਹਨ ਤੇ ਕਰੀਬ ਸੱਤ ਹਜ਼ਾਰ ਪੰਚਾਇਤਾਂ ਪ੍ਰਸਤਾਵ ਪਾਸ ਕਰ ਚੁੱਕੀਆਂ ਹਨ, ਪਰ ਇਨ੍ਹਾਂ ਦੇ ਸਰਪੰਚ ਵੀ ਸ਼ਿਕਾਇਤ ਦਰਜ ਨਹੀਂ ਕਰਵਾ ਰਹੇ। ਇਨ੍ਹਾਂ ਪੰਚਾਇਤਾਂ 'ਚ 10 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਨੇ ਪਰਾਲੀ ਸਾਡ਼ੀ।

ਹੁਣ ਤਕ ਪਿਛਲੇ ਸਾਲ ਤੋਂ ਸਾਢੇ 6 ਹਜ਼ਾਰ ਜ਼ਿਆਦਾ ਘਟਨਾਵਾਂ

ਪਿਛਲੇ ਸਾਲ ਸੂਬੇ 'ਚ 27 ਅਕਤੂਬਰ ਤਕ ਪਰਾਲੀ ਸਾਡ਼ਨ ਦੀਆਂ 12076 ਘਟਨਾਵਾਂ ਦਰਜ ਕੀਤੀਆਂ ਗਈਆਂ ਸਨ, ਜਦਕਿ ਇਸ ਵਾਰ ਹੁਣ ਤਕ 18,647 ਘਟਨਾਵਾਂ ਹੋ ਚੁੱਕੀ ਹੈ। ਇਸ ਦੌਰਾਨ ਫ਼ਤਹਿਗਡ਼੍ਹ ਸਾਹਿਬ 'ਚ ਮੰਗਲਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਪ੍ਰੋ. ਐੱਸਐੱਸ ਮਰਵਾਹਾ ਨੇ ਕਿਹਾ ਕਿ ਅਸੀਂ ਸਖ਼ਤੀ ਕਰ ਰਹੇ ਹਾਂ। ਬਹੁਤ ਸਾਰੇ ਕਿਸਾਨਾਂ 'ਤੇ ਸਿਰਫ਼ ਜੁਰਮਾਨਾ ਕੀਤਾ ਗਿਆ ਹੈ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਦੀ ਹਾਲਤ :

ਸ਼ਹਿਰ---------------------------------------ਏਅਰ ਕੁਆਲਿਟੀ ਇੰਡੈਕਸ ਵੈਲਿਊ

ਪਟਿਆਲਾ------------------------------------167

ਅੰਮ੍ਰਿਤਸਰ------------------------------------140

ਬਠਿੰਡਾ---------------------------------------113

ਜਲੰਧਰ---------------------------------------155

ਲੁਧਿਆਣਾ-------------------------------------191

ਪਟਿਆਲਾ-------------------------------------168

ਮੰਡੀ ਗੋਬਿੰਦਗਡ਼੍ਹ-------------------------------257

ਖੰਨਾ------------------------------------------142

ਰੋਪਡ਼-----------------------------------------113

(ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ)

Posted By: Seema Anand