ਵਿਸ਼ਾਲ ਪਾਠਕ, ਚੰਡੀਗੜ੍ਹ : ਸੈਕਟਰ-26 ਸਥਿਤ ਸਟ੍ਰਾਬੇਰੀ ਫਿਲਡ ਅਤੇ ਸੇਂਟ ਕਬੀਰ ਸਕੂਲ ਦੇ ਸਾਹਮਣੇ 300 ਕਰੋੜ ਦੀ 5 ਏਕੜ ਜ਼ਮੀਨ 'ਚ ਬਣੀ ਨਾਜਾਇਜ਼ ਪਾਰਕਿੰਗ 'ਤੇ ਪ੍ਰਸ਼ਾਸਨ ਨੇ ਅੱਜ ਕਾਰਵਾਈ ਕੀਤੀ। ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਨੇ ਜਿਸ ਸਰਕਾਰੀ ਜ਼ਮੀਨ 'ਤੇ ਇਨ੍ਹਾਂ ਦੋ ਨਿੱਜੀ ਸਕੂਲਾਂ ਦੀ ਨਾਜਾਇਜ਼ ਪਾਰਕਿੰਗ ਬਣੀ ਸੀ, ਅੱਜ ਉਸ ਸਰਕਾਰੀ ਜ਼ਮੀਨ ਦੇ ਚਾਰੋਂ ਪਾਸੇ ਪਿੱਲਰ ਲਗਾ ਕੇ ਲੋਹੇ ਦੀਆਂ ਤਾਰਾਂ ਨਾਲ ਤਾਰਬੰਦੀ ਕਰਕੇ ਜਗ੍ਹਾ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤਾਂ ਕਿ ਇਨ੍ਹਾਂ ਸਕੂਲਾਂ ਦੇ ਸਟਾਫ ਦੀਆਂ ਗੱਡੀਆਂ ਅਤੇ ਸਕੂਲ ਬੱਸਾਂ ਇਥੇ ਨਾਜਾਇਜ਼ ਢੰਗ ਨਾਲ ਪਾਰਕ ਨਾ ਕੀਤੀਆਂ ਜਾ ਸਕਣ। ਦੱਸਣਯੋਗ ਹੈ ਕਿ ਜਾਗਰਣ ਗਰੁੱਪ ਨੇ ਇਹ ਮੁੱਦਾ ਉਠਾਇਆ ਸੀ, ਜਿਸ 'ਤੇ ਪ੍ਰਸ਼ਾਸਨ ਨੇ ਨੋਟਿਸ ਲੈਂਦਿਆਂ ਕਾਰਵਾਈ ਕੀਤੀ।

ਸਵੇਰੇ-ਦੁਪਹਿਰੇ ਵਨਵੇ ਟ੍ਰੈਫਿਕ ਸਿਸਟਮ ਅਜੇ ਵੀ ਚਾਲੂ : ਪ੍ਰਸ਼ਾਸਨ ਨੇ ਜਾਗਰਣ ਗਰੁੱਪ ਵਲੋਂ ਛਪੀ ਖਬਰ ਤੋਂ ਬਾਅਦ ਸੈਕਟਰ-26 ਸਟ੍ਰਾਬੇਰੀ ਫਿਲਡ ਅਤੇ ਸੇਂਟ ਕਬੀਰ ਸਕੂਲ ਦੀ ਨਾਜਾਇਜ਼ ਪਾਰਕਿੰਗ ਤਾਂ ਹਟਾ ਦਿੱਤੀ ਪਰ ਪ੍ਰਸ਼ਾਸਨ ਅਜੇ ਵੀ ਇਨ੍ਹਾਂ ਸਕੂਲਾਂ 'ਤੇ ਮਿਹਰਬਾਨ ਹੈ। ਸਵੇਰੇ-ਦੁਪਹਿਰੇ ਸਕੂਲ ਦੇ ਸਾਹਮਣੇ ਵਾਲੀ ਸੜਕ 'ਤੇ ਵਨਵੇ ਟ੍ਰੈਫਿਕ ਸਿਸਟਮ ਕਰ ਦਿੱਤਾ ਜਾਂਦਾ ਹੈ ਕਿਉਂਕਿ ਇਨ੍ਹਾਂ ਸਕੂਲਾਂ 'ਚ ਅਫਸਰਾਂ ਅਤੇ ਨੇਤਾਵਾਂ ਦੇ ਬੱਚੇ ਪੜ੍ਹਦੇ ਹਨ। ਚੰਡੀਗੜ੍ਹ ਟ੍ਰੈਫਿਕ ਪੁਲਿਸ ਵੀ ਇਨ੍ਹਾਂ ਸਕੂਲਾਂ ਦੀ ਖਿਦਮਤ 'ਚ ਆਉਂਦੀ ਰਹਿੰਦੀ ਹੈ।

--------

ਕੋਟਸ

ਸੈਕਟਰ-26 'ਚ ਜਿਸ ਸਰਕਾਰੀ ਜ਼ਮੀਨ 'ਚ ਗੱਡੀਆਂ ਅਤੇ ਸਕੂਲ ਬੱਸਾਂ ਦੀ ਨਾਜਾਇਜ਼ ਪਾਰਕਿੰਗ ਕੀਤੀ ਜਾ ਰਹੀ ਸੀ, ਉਸ ਜ਼ਮੀਨ ਦੇ ਚਾਰੋਂ ਪਾਸੇ ਪਿੱਲਰ ਲਗਾ ਕੇ ਤਾਰਬੰਦੀ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਇਹ ਜ਼ਮੀਨ ਆਪਣੇ ਕਬਜ਼ੇ 'ਚ ਲੈ ਲਈ ਹੈ।

-ਸੀਬੀ ਓਝਾ, ਚੀਫ ਇੰਜੀਨੀਅਰ ਚੰਡੀਗੜ੍ਹ ਪ੍ਰਸ਼ਾਸਨ