ਤਰਲੋਚਨ ਸਿੰਘ ਸੋਢੀ, ਕੁਰਾਲੀ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੇ ਸੂਬੇ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਸਥਾਨਕ ਕਾਂਗਰਸ ਪਾਰਟੀ ਦੇ ਇੱਕ ਧੜੇ ਵਲੋਂ ਲਾਏ ਵਧਾਈਆਂ ਤੇ ਧੰਨਵਾਦ ਦੇ ਹੋਰਡਿੰਗ ਫਲੈਕਸ ਬੋਰਡ ਸਥਾਨਕ ਨਗਰ ਕੌਂਸਲ ਨੇ ਨਿਸ਼ਾਨਾ ਬਣਾਉਂਦੇ ਹੋਏ ਉਤਾਰ ਦਿੱਤੇ। ਕੌਂਸਲ ਮੁਲਾਜ਼ਮਾਂ ਵਲੋਂ ਕੌਂਸਲ ਦੇ ਅਧਿਕਾਰੀਆਂ ਦੇ ਇਸ਼ਾਰੇ 'ਤੇ ਮਿੱਥ ਕੇ ਲਾਹੇ ਹੋਰਡਿੰਗਾਂ ਨੇ ਸਥਾਨਕ ਕਾਂਗਰਸ ਪਾਰਟੀ ਦੀ ਗੁੱਟਬੰਦੀ ਨੂੰ ਇੱਕ ਵਾਰ ਫਿਰ ਜੱਗ ਜ਼ਾਹਰ ਕਰਕੇ ਰੱਖ ਦਿੱਤਾ ਹੈ।

ਕਾਂਗਰਸ ਪਾਰਟੀ ਦੇ ਕਬਜ਼ੇ ਵਾਲੀ ਕੌਂਸਲ ਵਲੋਂ ਪਾਰਟੀ ਹਾਈਕਮਾਂਡ ਦੇ ਦਿੱਗਜ ਆਗੂਆਂ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਫਲੈਕਸ ਬੋਰਡ ਕੌਂਸਲ ਦੀਆਂ ਕੂੜੇ-ਕਰਕਟ ਚੁੱਕਣ ਵਾਲੀਆਂ ਟਰਾਲੀਆਂ ਵਿਚ ਰੋਲ਼ੇ ਜਾਣ ਕਾਰਨ ਸਥਾਨਕ ਕਾਂਗਰਸੀ ਵਰਕਰਾਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਹੈ।

ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਅਤੇ ਵਾਰਡ ਨੰਬਰ 2 ਦੇ ਕਾਂਗਰਸੀ ਕੌਂਸਲਰ ਭਾਰਤ ਭੂਸ਼ਣ ਵਰਮਾ ਵਲੋਂ ਦਿੱਗਜ਼ ਆਗੂ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਨੂੰ ਲੈ ਕੇ ਆਪਣੇ ਧੜੇ ਦੇ ਆਗੂਆਂ ਨਾਲ ਸਥਾਨਕ ਸ਼ਹਿਰ ਦੀਆਂ ਵੱਖ ਵੱਖ ਥਾਂਵਾਂ 'ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਤੇ ਮੁਬਾਰਕਾਂ ਦੇਣ ਦੇ ਦਰਜ਼ਨ ਤੋਂ ਵਧੇਰੇ ਫਲੈਕਸ ਹੋਰਡਿੰਗ ਬੋਰਡ ਲਗਵਾਏ ਗਏ ਸਨ। ਇਸੇ ਦੌਰਾਨ ਸਥਾਨਕ ਨਗਰ ਕੌਂਸਲ ਦੀ ਟੀਮ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਕਰਦਿਆਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ‘ਤੇ ਲਗਾਏ ਇਨ੍ਹਾਂ ਫਲੈਕਸ ਹੋਰਡਿੰਗਜ਼ ਬੋਰਡਾਂ ਨੂੰ ਉਤਾਰ ਕੇ ਆਪਣੇ ਕਬਜ਼ੇ ਵਿਚ ਲੈ ਲਿਆ।

ਇਸ ਮੁੱਦੇ ਨੂੰ ਲੈ ਕੇ ਸਬੰਧਤ ਧੜੇ ਵਲੋਂ ਅੱਜ ਵਾਇਸ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਦੀ ਅਗਵਾਈ ਵਿਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਚਾਵਲਾ, ਕੌਂਸਲਰ ਬਹਾਦਰ ਸਿੰਘ ਓਕੇ,ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਦੀਪ ਕੁਮਾਰ ਰੂੜਾ,ਕੌਂਸਲਰ ਭਾਰਤ ਭੂਸ਼ਨ ਵਰਮਾਂ, ਕੌਂਸਲਰ ਖੁਸ਼ਬੀਰ ਹੈਪੀ, ਕੌਂਸਲਰ ਜੀਤਾ ਅਤੇ ਸਾਬਕਾ ਕੌਂਸਲਰ ਸ਼ਿਵ ਵਰਮਾ ਤੇ ਡਾਕਟਰ ਅਸ਼ਵਨੀ ਸ਼ਰਮਾਂ ਆਦਿ ਨੇ ਕਿਹਾ ਕਿ ਸਥਾਨਕ ਕਾਂਗਰਸ ਦੀ ਅਗਵਾਈ ਵਾਲੀ ਕੌਂਸਲ ਵਲੋਂ ਇਹ ਕਾਰਵਾਈ ਰਾਜਸੀ ਰੰਜਸ਼ ਕਾਰਨ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਕਾਂਗਰਸੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਧੜਾ ਕੌਂਸਲ ਪ੍ਰਧਾਨ ਦੀ ਚੋਣ ਨੂੰ ਲੈ ਕੇ ਕਾਬਜ਼ ਕਾਂਗਰਸੀ ਧੜੇ ਨਾਲ ਟੱਕਰ ਲੈਂਦਾ ਰਿਹਾ ਹੈ। ਇਸ ਰੰਜਸ਼ ਕਾਰਨ ਹੀ ਹੁਣ ਕਾਬਜ਼ ਕਾਂਗਰਸੀ ਧਿਰ ਵਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਮੌਜੂਦਾ ਕੌਂਸਲ ਪ੍ਰਧਾਨ ਦੇ ਅਨੇਕਾਂ ਫਲੈਕਸ ਹੋਰਡਿੰਗਜ਼ ਬੋਰਡਾਂ ਤੋਂ ਇਲਾਵਾ ਹੋਰ ਸਿਆਸੀ ਪਾਰਟੀਆਂ ਦੇ ਹੋਰਡਿੰਗ ਵੀ ਸੈਂਕੜਿਆਂ ਦੀ ਗਿਣਤੀ ਵਿਚ ਸ਼ਹਿਰ ਦੇ ਚਾਰੇ ਪਾਸੇ ਲੱਗੇ ਹੋਏ ਹਨ ਜਦਕਿ ਉਨ੍ਹਾਂ ਵਲੋਂ ਲਗਾਏ ਹੋਰਡਿੰਗਾਂ ਨੂੰ ਹੀ ਨਿਸ਼ਾਨਾ ਬਣਾ ਕੇ ਕੌਂਸਲ ਟੀਮ ਵੱਲੋਂ ਉਤਾਰਿਆ ਗਿਆ ਹੈ।

ਆਗੂਆਂ ਨੇ ਸਿਆਸੀ ਰੰਜ਼ਸ਼ ਤਹਿਤ ਕੀਤੀ ਇਸ ਕਾਰਵਾਈ ਲਈ ਕੌਂਸਲ ਅਧਿਕਾਰੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਕੌਂਸਲ ਦੀ ਪੱਖਪਾਤ ਵਾਲੀ ਨੀਤੀ ਸ਼ਹਿਰ ਦੇ ਵਿਚ ਜਗ ਜਾਹਰ ਹੋ ਗਈ ਹੈ। ਸ੍ਰੀ ਚਾਵਲਾ ਨੇ ਕਿਹਾ ਕਿ ਉਹ ਇਹ ਸਾਰਾ ਮਾਮਲਾ ਲਿਖਤੀ ਰੂਪ ਵਿਚ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਪਾਰਟੀ ਹਾਈਕਮਾਂਡ ਦੇ ਧਿਆਨ ਵਿਚ ਲਿਆਉਣਗੇ।

ਕੌਂਸਲ ਦੇ ਅਧਿਕਾਰੀ ਕਾਰਵਾਈ ਤੋਂ ਅਣਜਾਣ ਬਣੇ

ਸੰਪਰਕ ਕਰਨ ‘ਤੇ ਕਾਰਜਸਾਧਕ ਅਫ਼ਸਰ ਰਾਜੇਸ਼ ਸ਼ਰਮਾ ਨੇ ਪੱਖਪਾਤ ਦੇ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਇਸ ਕਾਰਵਾਈ ਤੋਂ ਅਣਜਾਣ ਹੋਣ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਵੱਲੋਂ ਸ਼ਹਿਰ ਵਿਚ ਲੱਗੇ ਸਾਰੇ ਹੀ ਫਲੈਕਸ ਹੋਰਡਿੰਗਜ਼ ਬੋਰਡਾਂ ਨੂੰ ਉਤਾਰਨ ਦੇ ਹੁਕਮ ਦੇ ਦਿੱਤੇ ਗਏ ਹਨ। ਦੂਜੇ ਪਾਸੇ ਕੌਂਸਲ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਉਨ੍ਹਾਂ ਤੇ ਲਗਾਏ ਗਏ ਪੱਖਪਾਤ ਦੇ ਦੋਸ਼ਾਂ ਨੂੰ ਮੁੱਢੋਂ ਨਾਕਾਰ ਦੇ ਹੋਏ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਬਿਲਕੁਲ ਧਿਆਨ ਵਿਚ ਨਹੀਂ ਹੈ।

ਉਂਝ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਲੱਗੇ ਹੋਰਡਿੰਗਜ਼ ਕਾਰਨ ਮਸ਼ਹੂਰੀ ਬੋਰਡ ਚਲਾਉਣ ਵਾਲੇ ਠੇਕੇਦਾਰ ਨੇ ਸਥਾਨਕ ਨਗਰ ਕੌਂਸਲ ਦੀ ਅਦਾਇਗੀ ਰੋਕ ਦਿੱਤੀ ਹੈ। ਜਿਸ ਕਾਰਨ ਅਜਿਹੀ ਕਾਰਵਾਈ ਕੀਤੀ ਹੋਵੇਗੀ ਅਤੇ ਹੋਰਡਿੰਗਜ਼ ਉਤਾਰੇ ਜਾਣ ਨੂੰ ਰੂਟੀਨ ਦੀ ਕਾਰਵਾਈ ਦੱਸਿਆ।

ਸੂਬਾ ਪ੍ਰਧਾਨ ਤੇ ਪਾਰਟੀ ਹਾਈਕਮਾਂਡ ਤੇ ਕੂੜੇ ਵਾਲੀ ਟਰਾਲੀ ’ਚ ਸੁੱਟੇ ਹੋਰਡਿੰਗਜ਼ ਕਾਰਨ ਰੋਹ

ਪ੍ਰਿੰਟ ਤੇ ਇਲੈਕਟ੍ਰੋਨਿਕਸ ਮੀਡੀਆ ਨਾਲ ਗੱਲਬਾਤ ਕਰਦਿਆਂ ਗਊ ਸੇਵਾ ਕਮਿਸ਼ਨ ਦੇ ਵਾਇਸ ਚੇਅਰਮੈਨ ਸ੍ਰੀ ਚਾਵਲਾ ਤੇ ਹੋਰਨਾਂ ਕਾਂਗਰਸੀ ਆਗੂਆਂ ਨੇ ਕਿਹਾ ਕਿ ਹੋਰਡਿੰਗਜ਼ ਵਿਚ ਪਾਰਟੀ ਦੀ ਦਿੱਲੀ ਹਾਈਕਮਾਂਡ ਤੋਂ ਇਲਾਵਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ,ਕੈਪਟਨ ਅਮਰਿੰਦਰ ਸਿੰਘ,ਹਰੀਸ਼ ਰਾਵਤ,ਸਪੀਕਰ ਰਾਣਾ ਕੇਪੀ ਸਿੰਘ,ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਤਸਵੀਰਾਂ ਸਨ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਪਾਰਟੀ ਹਾਈਕਮਾਂਡ ਦੀਆਂ ਤਸਵੀਰਾਂ ਵਾਲੇ ਹੋਰਡਿੰਗਜ਼ ਕੌਂਸਲ ਵਲੋਂ ਕੂੜੇ ਵਾਲੀ ਟਰਾਲੀ ਵਿਚ ਲਿਆਂਦੇ ਗਏ ਜੋ ਕਿ ਪਾਰਟੀ ਆਗੂਆਂ ਦੀ ਵੱਡੀ ਤੌਹੀਨ ਹੈ। ਕੌਂਸਲ ਦੀ ਕਾਰਵਾਈ ਦੀ ਉਹ ਸਖਤ ਸ਼ਬਦਾਂ 'ਚ ਨਿਖੇਧੀ ਕਰਦੇ ਹਨ।

Posted By: Jagjit Singh