ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾਂਦੇ ਸਹਿ-ਅਕਾਦਮਿਕ ਮੁਕਾਬਲਿਆਂ ਦੀ ਲੜੀ ਵਿਚ ਅਕਾਦਮਿਕ ਸਾਲ 2019-20 ਦੀ ਲੜੀ ਵਿਚ ਰਾਜ ਪੱਧਰੀ ਮੁਕਾਬਲੇ ਪਹਿਲੀ ਨਵੰਬਰ ਤੋਂ 3 ਨਵੰਬਰ 2019 ਤਕ ਦੇਸ਼ ਭਗਤ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ, ਬਰੜਵਾਲ, ਧੂਰੀ ਵਿਖੇ ਕਰਵਾਏ ਜਾ ਰਹੇ ਹਨ।

ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਨ੍ਹਾਂ ਮੁਕਾਬਲਿਆਂ ਵਿਚ ਚਾਰ ਖੇਤਰੀ ਮੁਕਾਬਲਿਆਂ ਅਧੀਨ ਬਠਿੰਡਾ, ਪਟਿਆਲਾ, ਜਲੰਧਰ ਅਤੇ ਤਰਨਤਾਰਨ ਵਿਖੇ ਹੋਏ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਤੇ ਟੀਮਾਂ ਭਾਗ ਲੈਣਗੀਆਂ। ਮੁਕਾਬਲਿਆਂ ਦੇ ਅੰਤਲੇ ਦਿਨ 3 ਨਵੰਬਰ (ਐਤਵਾਰ) ਨੂੰ ਪੰਜਾਬ ਦੇ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਵਿਦਿਆਰਥੀਆਂ ਨੂੰ ਇਨਾਮ ਵੰਡਣਗੇ।

ਮੁਕਾਬਲਿਆਂ ਦੌਰਾਨ ਗਰੁੱਪ ਆਈਟਮਾਂ ਜਿਵੇਂ ਸ਼ਬਦ ਗਾਇਨ, ਭੰਗੜਾ, ਗਿੱਧਾ, ਕਵੀਸ਼ਰੀ ਆਦਿ ਪਹਿਲੇ ਅਤੇ ਦੂਜੇ ਸਥਾਨ ਪ੍ਰਰਾਪਤ ਕਰਨ ਵਾਲੀਆਂ ਅਤੇ ਸਿੰਗਲ ਆਈਟਮਾਂ ਜਿਵੇਂ ਗੀਤ, ਸੋਲੋ-ਡਾਂਸ, ਸੁੰਦਰ ਲਿਖਾਈ ਆਦਿ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਰਾਪਤ ਕਰਨ ਵਾਲੇ ਜੇਤੂ ਇਨ੍ਹਾਂ ਰਾਜ-ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈ ਸਕਣਗੇ। ਗੱਤਕਾ ਅਤੇ ਇਕਾਂਗੀ ਮੁਕਾਬਲੇ ਕੇਵਲ ਸੈਕੰਡਰੀ ਪੱਧਰ ਦੇ ਹਨ ਜੋ ਕਿ ਪ੍ਰਰਾਇਮਰੀ ਵਰਗ ਦੇ ਮੁਕਾਬਲਿਆਂ ਵਾਲੇ ਪਹਿਲੇ ਦਿਨ ਕਰਵਾਏ ਜਾਣਗੇ।