ਕੈਪਸ਼ਨ : ਪੜ੍ਹਨ ਵਾਲੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨਾਲ ਮਨੀਮਾਜਰਾ ਦੇ ਸਰਕਾਰੀ ਸਕੂਲ ਦਾ ਅਧਿਆਪਕ ਮੁਹੰਮਦ ਇੰਤਜਾਰ (ਲਾਲ ਜੈਕਟ 'ਚ) ਤੇ ਸਾਥੀ।

* ਪ੍ਰਰੇਰਣਾ ਸਰੋਤ

* ਕੰਟਰੈਕਟ ਅਧਿਆਪਕ ਵੱਲੋਂ ਸ਼ੁਰੂ ਕੀਤੀ ਪਹਿਲਾ ਦਾ ਦਿਖਣ ਲੱਗਾ ਅਸਰ

ਡਾ. ਸੁਮਿਤ ਸਿੰਘ ਸ਼ਿਓਰਾਣ, ਚੰਡੀਗੜ੍ਹ

ਸਮਾਜ 'ਚ ਬਿਹਤਰ ਬਦਲਾਅ ਲਈ ਕਿਸੇ ਆਮ ਇਨਸਾਨ ਦੀ ਹਿੱਸੇਦਾਰੀ ਵੀ ਖਾਸ ਹੋ ਸਕਦੀ ਹੈ। ਸ਼ੁਰੂਆਤ 'ਚ ਇਹ ਕਾਫੀ ਮੁਸ਼ਕਲ ਹੋ ਸਕਦਾ ਹੈ, ਪਰ ਆਪਣੀ ਮਿਹਨਤ ਤੇ ਲੋਕਾਂ ਨੂੰ ਜੋੜ ਕੇ ਦੂਜਿਆਂ ਲਈ ਮਿਸਾਲ ਪੇਸ਼ ਕੀਤੀ ਜਾ ਸਕਦੀ ਹੈ। ਇਹ ਮੰਨਣਾ ਹੈ ਪੇਸ਼ੇ ਤੋਂ ਅਧਿਆਪਕ ਮੁਹੰਮਦ ਇੰਤਜ਼ਾਰ ਦਾ।

ਉਨ੍ਹਾਂ ਦਾ ਕਹਿਣਾ ਹੈ ਕਿ ਜੀਵਨ 'ਚ ਪੈਸਾ ਹੀ ਸਭ ਕੁਝ ਨਹੀਂ ਹੈ। ਕੁਝ ਚੰਗਾ ਤੇ ਬਿਹਤਰ ਕਰਨ ਦੀ ਸੋਚ ਦੇ ਜ਼ੋਰ 'ਤੇੇ ਕੋਈ ਵੀ ਆਮ ਇਨਸਾਨ ਸਮਾਜ ਦੇ ਬਾਕੀ ਲੋਕਾਂ ਲਈ ਰੋਲ ਮਾਡਲ ਬਣ ਸਕਦਾ ਹੈ। ਚੰਡੀਗੜ੍ਹ ਦੇ ਇਕ ਸਰਕਾਰੀ ਸਕੂਲ 'ਚ ਪੜ੍ਹਾਉਣ ਵਾਲੇ ਜੇਬੀਟੀ ਅਧਿਆਪਕ ਮੁਹੰਮਦ ਇੰਤਜਾਰ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਖ਼ੁਦ ਦੀ ਕੋਸ਼ਿਸ਼ ਨਾਲ ਸਿੱਖਿਅਤ ਕਰਨ ਦਾ ਕੰਮ ਕਰ ਰਹੇ ਹਨ। ਇਸ ਲਈ ਕੁਝ ਵਰ੍ਹੇ ਪਹਿਲਾਂ ਉਨ੍ਹਾਂ ਜੋ ਮਿਸ਼ਨ ਸ਼ੁਰੂ ਕੀਤਾ ਸੀ, ਉਹ ਹੁਣ ਮੁਹਿੰਮ ਬਣਨ ਲੱਗਾ ਹੈ। ਸ਼ੁਰੂਆਤ 'ਚ ਉਨ੍ਹਾਂ ਨੂੰ ਪੈਸੇ ਦੀ ਤੰਗੀ ਸਮੇਤ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ, ਪਰ ਜਨੂੰਨ ਨਾਲ ਡਟੇ ਰਹਿਣ 'ਤੇ ਮਿਹਨਤ ਰੰਗ ਲਿਆਈ। ਹੁਣ ਇਸ ਮਾਮਲੇ 'ਚ ਉਨ੍ਹਾਂ ਨੂੰ ਹੋਰ ਲੋਕਾਂ ਦਾ ਸਾਥ ਵੀ ਮਿਲ ਰਿਹਾ ਹੈ। ਸਰਕਾਰੀ ਸਕੂਲ 'ਚ ਕੰਟਰੈਕਟ ਅਧਿਆਪਕ ਹੁੰਦੇ ਹੋਏ ਵੀ ਮੁਹੰਮਦ ਇੰਤਜਾਰ ਨੇ ਉਹ ਕਰ ਵਿਖਾਇਆ ਹੈ ਜੋ ਦੂਜੇ ਅਧਿਆਪਕ ਸਹੂਲਤਾਂ ਹੋਣ 'ਤੇ ਵੀ ਨਹੀਂ ਕਰ ਪਾਉਂਦੇ।

ਸ਼ਹਿਰ ਦੀ ਕਾਲੋਨੀ ਤੇ ਪਿੰਡਾ 'ਚ ਰਹਿਣ ਵਾਲੇ ਗ਼ਰੀਬ ਪਰਿਵਾਰਾਂ ਦੇ ਸਿੱਖਿਆ ਤੋਂ ਵਾਂਝੇ ਬੱਚਿਆਂ ਨੂੰ ਸਿੱਖਿਅਤ ਕਰਨਾ ਹੋਵੇ ਜਾਂ ਫਿਰ ਦਿਵਿਆਂਗ ਬੱਚਿਆਂ ਦੇ ਜੀਵਨ ਨੂੰ ਸੰਵਾਰਨ ਦੀ ਪਹਿਲ... ਮੁਹੰਮਦ ਲਈ ਇਹ ਇਕ ਜਨੂੰਨ ਹੈ। ਦੈਨਿਕ ਜਾਗਰਣ ਨਾਲ ਵਿਸ਼ੇਸ਼ ਗੱਲਬਾਤ 'ਚ ਮੁਹੰਮਦ ਇੰਤਜਾਰ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਕ ਅਧਿਆਪਕ ਦਾ ਕੰਮ ਸਮਾਜ 'ਚ ਬਿਹਤਰ ਬਦਲਾਅ ਲਿਆਉਣ ਲਈ ਆਪਣਾ ਯੋਗਦਾਨ ਦੇਣਾ ਹੈ।

ਪਾਜ਼ੇਟਿਵ ਸੋਚ ਨਾਲ ਸਫ਼ਲਤਾ ਜ਼ਰੂਰ ਮਿਲੇਗੀ

ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਇੰਦਰੀ ਕਸਬੇ ਦੇ ਮੂਲ ਵਾਸੀ ਮੁਹੰਮਦ ਇੰਤਜਾਰ ਸਾਲ 2008 'ਚ ਸਿੱਖਿਆ ਵਿਭਾਗ 'ਚ ਭਰਤੀ ਹੋਏ। ਸਕੂਲ ਤੋਂ ਛੁੱਟੀ ਮਗਰੋਂ ਉਨ੍ਹਾਂ ਦਾ ਅਸਲ ਮਕਸਦ ਸ਼ੁਰੂ ਹੁੰਦਾ ਹੈ। ਮੁਹੰਮਦ ਦੱਸਦੇ ਹਨ ਕਿ ਸ਼ੁਰੂਆਤ 'ਚ ਬਸਤੀ 'ਚ ਰਹਿਣ ਵਾਲੇ ਗ਼ਰੀਬ ਪਰਿਵਾਰਾਂ ਦੇ ਲੋਕ ਆਪਣੇ ਬੱਚਿਆਂ ਨੂੰ ਪੜ੍ਹਨ ਨਹੀਂ ਭੇਜਦੇ ਸਨ। ਇਨ੍ਹਾਂ ਬੱਚਿਆਂ ਦੇ ਹੱਥਾਂ 'ਚ ਕਿਤਾਬਾਂ ਫੜਾਉਣਾ ਬਹੁਤ ਮੁਸ਼ਕਲ ਸੀ, ਪਰ ਲਗਾਤਾਰ ਕੋਸ਼ਿਸ਼ਾਂ ਨਾਲ ਲੋਕਾਂ ਦੀ ਸੋਚ ਬਦਲਣ ਲੱਗੀ।

ਬਿਹਤਰ ਕੰਮ ਲਈ ਸਟੇਟ ਐਵਾਰਡ

ਮੁਹੰਮਦ ਇੰਤਜਾਰ ਦੀ ਮਿਹਨਤ ਨੂੰ ਸਨਮਾਨ ਵੀ ਮਿਲਿਆ। ਕੰਟਰੈਕਟ ਟੀਚਰ ਹੁੰਦੇ ਹੋਏ ਵੀ 26 ਜਨਵਰੀ 2018 ਨੂੰ ਸਟੇਟ ਐਵਾਰਡ ਤੇ ਫਿਰ ਟੀਚਰਜ਼ ਡੇ 'ਤੇ ਵੀ ਵਿਸ਼ੇਸ਼ ਸਨਮਾਨ ਇਨ੍ਹਾਂ ਨੂੰ ਮਿਲ ਚੁੱਕਿਆ ਹੈ। ਦਿਵਿਆਂਗ ਬੱਚਿਆਂ ਲਈ ਖਾਸ ਸਾਈਨ ਭਾਸ਼ਾ ਦੀ ਵੀਡੀਓ ਬਣਾ ਕੇ ਯੂ-ਟਿਊਬ 'ਤੇ ਪਾਉਣੀ ਸ਼ੁਰੂ ਕਰ ਦਿੱਤੀ, ਜਿਸ ਦਾ ਕਾਫੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਪਤਨੀ ਤਰਨੂਮ ਤੇ ਪੁੱਤਰ ਵੀ ਇਸ 'ਚ ਸਹਿਯੋਗ ਕਰਦੇ ਹਨ।