ਗੁਰਮੁੱਖ ਵਾਲੀਆ, ਐੱਸਏਐੱਸ ਨਗਰ : ਵੀਰਵਾਰ ਦੇਰ ਰਾਤ ਸਾਢੇ 11 ਵਜੇ ਸੈਕਟਰ-79/80 ਦੀਆਂ ਲਾਈਟਾਂ 'ਤੇ ਤੇਜ਼ ਰਫ਼ਤਾਰ ਜੈਗੂਆਰ ਗੱਡੀ ਨੇ ਪਹਿਲਾਂ ਥਾਰ ਜੀਪ ਨੂੰ ਟੱਕਰ ਮਾਰੀ ਉਸ ਮਗਰੋਂ ਐਕਟਿਵਾ ਨੂੰ ਆਪਣੀ ਲਪੇਟ 'ਚ ਲੈ ਲਿਆ। ਐਕਟਿਵਾ 'ਤੇ ਲਖਨੌਰ ਵਾਸੀ ਪਰਮਿੰਦਰ ਕੌਰ ਤੇ ਉਸ ਦੀ ਸੱਸ ਬਲਜੀਤ ਕੌਰ ਸਵਾਰ ਸੀ, ਜੋ ਗੰਭੀਰ ਜ਼ਖ਼ਮੀ ਹੋ ਗਈਆਂ। ਹਾਊਸਫੈੱਡ ਸੁਸਾਇਟੀ ਦੇ ਵਸਨੀਕਾਂ ਨੇ ਦੱਸਿਆ ਕਿ ਟੱਕਰ ਮਗਰੋਂ ਜ਼ੋਰਦਾਰ ਧਮਾਕਾ ਹੋਇਆ ਤੇ ਸਾਰੇ ਲੋਕ ਘਰੋਂ ਬਾਹਰ ਆ ਗਏ। ਉਸ ਵੇਲੇ ਦੋ ਔਰਤਾਂ ਸੜਕ 'ਤੇ ਡਿੱਗੀਆਂ ਪਈਆਂ ਸਨ, ਜਿਨ੍ਹਾਂ ਦੇ ਮੂੰਹ, ਸਿਰ ਤੇ ਕੰਨ 'ਚੋਂ ਖ਼ੂਨ ਵਗ ਰਿਹਾ ਸੀ। ਲੋਕਾਂ ਨੇ ਦੱਸਿਆ ਕਿ ਜੈਗੂਆਰ ਗੱਡੀ 'ਚ ਇਕ ਲੜਕਾ ਤੇ ਲੜਕੀ ਬੈਠੇ ਸਨ, ਜੋ ਚੱਲਦੀ ਗੱਡੀ 'ਚ ਸ਼ਰਾਬ ਪੀਂਦੇ ਆ ਰਹੇ ਸੀ। ਨਾਲੇ ਗੱਡੀ ਦੀ ਰਫ਼ਤਾਰ ਵੀ ਕਾਫ਼ੀ ਤੇਜ਼ ਦੱਸੀ ਜਾ ਰਹੀ ਸੀ। ਜੈਗੂਆਰ ਨੇ ਪਹਿਲਾਂ ਐਕਟਿਵਾ ਸਵਾਰ ਸੱਸ-ਨੂੰਹ ਨੂੰ ਟੱਕਰ ਮਾਰੀ, ਜਿਸ ਮਗਰੋਂ ਜੈਗੂਆਰ ਗੱਡੀ ਰਿਤੂ ਲੱਖਣਪਾਲ ਵਾਸੀ ਸੀਸੀ ਬੀ ਸੁਸਾਇਟੀ ਸੈਕਟਰ-70 ਦੀ ਥਾਰ ਨਾਲ ਜਾ ਵੱਜੀ, ਜੋ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਟੱਕਰ ਮਗਰੋਂ ਜੈਗੂਆਰ ਗੱਡੀ ਦਾ ਪਿਛਲਾ ਟਾਇਰ ਦੇ ਐਕਸਲ ਟੁੱਟ ਗਏ। ਦੱਸਿਆ ਜਾ ਰਿਹਾ ਹੈ ਕਿ ਜੈਗੂਆਰ ਗੱਡੀ ਮੋਹਾਲੀ ਜ਼ਿਲ੍ਹੇ 'ਚ ਤੈਨਾਤ ਐੱਸਪੀ ਰੈਂਕ ਦੇ ਇਕ ਅਧਿਕਾਰੀ ਦਾ ਲੜਕਾ ਚਲਾ ਰਿਹਾ ਸੀ ਜੋ ਕਿ ਸ਼ਰਾਬ ਦੇ ਨਸ਼ੇ 'ਚ ਟੱਲੀ ਸੀ। ਜਿਸ ਦੀ ਨਾਲ ਦੀ ਸੀਟ 'ਤੇ ਇੱਕ ਲੜਕੀ ਬੈਠੀ ਸੀ। ਜਿਨ੍ਹਾਂ ਨੂੰ ਘਟਨਾ ਤੋਂ ਤੁਰੰਤ ਬਾਅਦ ਮੌਕੇ ਤੋਂ ਭਜਾ ਦਿੱਤਾ ਗਿਆ। ਦੋਵੇਂ ਜ਼ਖਮੀਆਂ ਨੂੰ ਉੱਥੇ ਮੌਜੂਦ ਇਕ ਕੈਬ ਜ਼ਰੀਏ ਪੀਜੀਆਈ ਪਹੁੰਚਾਇਆ ਗਿਆ, ਜਿੱਥੋਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਸੋਹਾਣਾ ਹਸਪਤਾਲ ਲੈ ਗਏ, ਜਿਨ੍ਹਾਂ ਦਾ ਕਹਿਣਾ ਸੀ ਕਿ ਜ਼ਖਮੀਆਂ ਦਾ ਇਲਾਜ ਠੀਕ ਢੰਗ ਨਾਲ ਨਹੀਂ ਹੋ ਰਿਹਾ।

ਹਾਦਸੇ 'ਚ ਜ਼ਖਮੀ ਪਰਵਿੰਦਰ ਕੌਰ ਸੋਹਾਣਾ ਹਸਪਤਾਲ 'ਚ ਸਟਾਫ਼ ਨਰਸ ਹੈ ਤੇ ਵੀਰਵਾਰ ਰਾਤ ਨੂੰ ਉਹ ਆਪਣੀ ਸੱਸ ਨਾਲ ਪਿੰਡ ਰਾਏਪੁਰ ਤੋਂ ਵਾਪਸ ਲਖਨੌਰ ਜਾ ਰਹੀ ਸੀ। ਰਾਏਪੁਰ 'ਚ ਉਸ ਦੇ ਜੀਜਾ ਨੇ ਨਵਾਂ ਘਰ ਖਰੀਦਿਆ ਸੀ, ਜਿਸ ਲਈ ਉਨ੍ਹਾਂ ਨੂੰ ਪੂਰੇ ਪਰਿਵਾਰ ਸਮੇਤ ਰੋਟੀ 'ਤੇ ਬੁਲਾਇਆ ਸੀ, ਜਦਕਿ ਉਸ ਦਾ ਪਤੀ ਗਗਨਦੀਪ ਦੂਜੀ ਬਾਈਕ 'ਤੇ ਬੱਚਿਆਂ ਨਾਲ ਆ ਰਿਹਾ ਸੀ।

ਪੁਲਿਸ ਸੂਤਰਾਂ ਅਨੁਸਾਰ ਟੱਕਰ ਮਗਰੋਂ ਸ਼ਰਾਬੀ ਨੌਜਵਾਨ ਤੇ ਲੜਕੀ ਨੂੰ ਇਕ ਬਲੈਨੋ ਗੱਡੀ 'ਚ ਆਈ ਔਰਤ ਆਪਣੇ ਨਾਲ ਭਜਾ ਕੇ ਲੈ ਗਈ। ਸ਼ਰਾਬੀ ਨੌਜਵਾਨ ਖੁਦ ਨੂੰ ਐੱਸਪੀ ਦਾ ਲੜਕਾ ਦੱਸ ਰਿਹਾ ਸੀ ਅਤੇ ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਪਿਤਾ ਮੋਹਾਲੀ 'ਚ ਪੋਸਟਿਡ ਹਨ। ਉੱਥੇ ਲੋਕਾਂ ਵੱਲੋਂ ਨੋਟ ਕੀਤਾ ਬੈਲੈਨੋ ਗੱਡੀ ਦਾ ਨੰਬਰ, ਜੋ ਕਿ ਗੁਰਸੀਰਤ ਬਰਾੜ ਦੇ ਨਾਂ 'ਤੇ ਰਜਿਸਟਰਡ ਦੱਸਿਆ ਜਾ ਰਿਹਾ ਹੈ। ਬੋਲੈਨੋ ਗੱਡੀ 'ਚੋਂ ਉੱਤਰੀ ਔਰਤ ਨੇ ਸ਼ਰਾਬੀ ਨੌਜਵਾਨ ਨੂੰ ਏਕਮ ਨਾਮ ਲੈ ਕੇ ਸੱਦਿਆ ਸੀ ਜਿਸ ਤੋਂ ਬਾਅਦ ਸ਼ਰਾਬੀ ਨੌਜਵਾਨ ਏਕਮ ਨਾਮ ਸੁਣ ਕੇ ਆਪਣੀ ਸਾਥੀ ਮਹਿਲਾ ਨਾਲ ਗੱਡੀ 'ਚ ਬਹਿ ਕੇ ਫ਼ਰਾਰ ਹੋ ਗਿਆ।

ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਰਾਜੇਸ਼ ਹਸਤੀਰ ਨਾਲ ਗ਼ੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜ਼ਖ਼ਮੀ ਔਰਤਾਂ ਦੇ ਬਿਆਨ ਦਰਜ ਕਰਨ ਲਈ ਪੁਲਿਸ ਪਾਰਟੀ ਨੂੰ ਭੇਜਿਆ ਗਿਆ ਹੈ। ਜੈਗੂਆਰ ਗੱਡੀ ਚਾਲਕ ਦਾ ਹਾਲੇ ਕੁਝ ਪਤਾ ਨਹੀਂ ਚੱਲਿਆ ਹੈ ਉਹ ਕਿਸੇ ਅਧਿਕਾਰੀ ਦਾ ਲੜਕਾ ਏ ਉਨ੍ਹਾਂ ਨੂੰ ਨਹੀਂ ਪਤਾ ਉਹ ਇਸਦੀ ਜਾਂਚ ਕਰਵਾ ਲੈਣਗੇ।

Posted By: Amita Verma