ਜੇਐੱਸ ਕਲੇਰ, ਜ਼ੀਰਕਪੁਰ : ਸ਼ਹਿਰ ਦੇ ਨਜ਼ਦੀਕੀ ਛੱਤ ਏਅਰਪੋਰਟ ਲਾਈਟਾਂ 'ਤੇ ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੱਧੂ ਤੇ ਹੋਰਨਾਂ ਕਾਂਗਰਸੀ ਆਗੂਆਂ ਦੇ ਲਗਾਏ ਗਏ ਪੋਸਟਰਾਂ 'ਤੇ ਕਿਸੇ ਸ਼ਰਾਰਤੀ ਵਿਅਕਤੀ ਵੱਲੋਂ ਕਾਲਖ ਮੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ੀਰਕਪੁਰ ਪਟਿਆਲਾ ਸੜਕ 'ਤੇ ਸਥਿਤ ਛੱਤ ਏਅਰਪੋਰਟ ਲਾਈਟਾਂ 'ਤੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ 'ਤੇ ਵਧਾਈਆਂ ਦੇਣ ਲਈ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਹੋਰਡਿੰਗ ਲਗਾਏ ਗਏ ਸਨ ਜਿਨ੍ਹਾਂ 'ਤੇ ਬੀਤੀ ਰਾਤ ਕਿਸੇ ਸ਼ਰਾਰਤੀ ਆਨਸਰ ਨੇ ਕਾਲਖ ਮਲ਼ ਦਿੱਤੀ।

ਜ਼ਿਕਰਯੋਗ ਹੈ ਕਿ ਛੱਤ ਏਅਰਪੋਰਟ 'ਤੇ ਹਰ ਵੇਲੇ ਪੁਲਿਸ ਪਹਿਰਾ ਹੁੰਦਾ ਹੈ ਜਿੱਥੇ ਕਿ ਬਕਾਇਦਾ ਪੁਲਿਸ ਪੋਸਟ ਤਕ ਬਣਾਈ ਗਈ ਹੈ ਪਰ ਇਸ ਘਟਨਾ ਤੋਂ ਬਾਅਦ ਪੁਲਿਸ ਦੀ ਸੁਰੱਖਿਆ ਦੇ ਕੀਤੇ ਜਾਂਦੇ ਦਾਅਵਿਆਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਘਟਨਾ ਦਾ ਪਤਾ ਬੁੱਧਵਾਰ ਸਵੇਰੇ ਲੱਗਾ ਜਿਸ ਤੋਂ ਬਾਅਦ ਖ਼ੁਫ਼ੀਆ ਤੰਤਰ ਵੀ ਸਰਗਰਮ ਹੋ ਗਿਆ ਜਿਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ। ਜਿਸ ਤੋਂ ਬਾਅਦ ਕਾਲਖ ਨਾਲ ਮੱਲੇ ਇਨ੍ਹਾਂ ਪੋਸਟਰਾਂ ਨੂੰ ਉਤਾਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ 2019 'ਚ ਉਸ ਵੇਲੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਲੋਂ ਪੁਲਵਾਮਾ ਹਮਲੇ 'ਤੇ ਦਿੱਤੇ ਗਏ ਬਿਆਨ ਤੋਂ ਬਾਅਦ ਭਾਜਪਾ ਵਲੋਂ ਸਿੱਧੂ ਦੇ ਪੋਸਟਰਾਂ 'ਤੇ ਕਾਲਖ ਮਲ ਕੇ ਵਿਰੋਧ ਕੀਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਜਸਪਾਲ ਸਿੰਘ ਸਰਪੰਚ ਜਿਨ੍ਹਾਂ ਵੱਲੋਂ ਇਸ ਚੌਕ 'ਤੇ ਸਿੱਧੂ ਦੇ ਪੋਸਟਰ ਲਗਾਏ ਗਏ ਸਨ ਨੇ ਕਿਹਾ ਕਿ ਜੇਕਰ ਕਿਸੇ ਦੇ ਦਿਲ 'ਚ ਸਰਕਾਰ ਖ਼ਿਲਾਫ ਵਿਰੋਧ ਹੈ ਤਾਂ ਵਿਰੋਧ ਜ਼ਾਹਰ ਕਰਨ ਦਾ ਇਹ ਤਰੀਕਾ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਇਹ ਹਰਕਤ ਕੀਤੀ ਹੈ ਉਹ ਮਾੜੀ ਹੈ, ਉਨ੍ਹਾਂ ਕਿਹਾ ਕਿ ਵਿਰੋਧ ਵੋਟਾਂ ਨਾਲ ਜਿਤਾਇਆਂ ਜਾ ਸਕਦਾ ਹੈ ਇਸ ਤਰ੍ਹਾਂ ਦੀਆਂ ਸ਼ਰਾਰਤਾ ਬੁਝਦਿਲ ਕਰ ਦੇ ਹਨ ਜਿਨ੍ਹਾਂ ਨੂੰ ਆਪਣੀ ਹਾਰ ਸਾਹਮਣੇ ਦਿਖਾਈ ਦੇ ਰਹੀ ਹੈ।

Posted By: Amita Verma