ਗੁਰਵਿੰਦਰ ਸਿੰਘ ਸਿੱਧੂ,

ਚੰਡੀਗੜ੍ਹ ਭਾਜਪਾ ਵੱਲੋਂ 10 ਸਾਲਾਂ ਤੋਂ ਬਾਅਦ ਨਵਾਂ ਵਿਅਕਤੀ ਪ੍ਰਧਾਨ ਦੀ ਕੁਰਸੀ 'ਤੇ ਬੈਠੇਗਾ। ਭਾਜਪਾ ਨੇ ਸਾਬਕਾ ਮੇਅਰ ਅਰੁਣ ਸੂਦ ਨੂੰ ਆਪਣੇ ਪ੍ਰਧਾਨ ਵਜੋਂ ਚੁਣ ਲਿਆ ਹੈ। ਸ਼ੁਕਰਵਾਰ ਨੂੰ ਇਸ ਦਾ ਐਲਾਨ ਕਰਨ ਤੋਂ ਬਾਅਦ ਅਰੁਣ ਸੂਦ ਦੀ ਤਾਜਪੋਸ਼ੀ ਕੀਤੀ ਜਾਵੇਗੀ। ਵੀਰਵਾਰ ਨੂੰ ਸੂਦ ਤੋਂ ਇਲਾਵਾ ਭਾਜਪਾ ਦੇ ਹੋਰ ਕਿਸੇ ਵੀ ਨੇਤਾ ਵੱਲੋਂ ਕਾਗਜ਼ ਨਹੀਂ ਭਰੇ ਗਏ ਸੀ। ਸਾਬਕਾ ਮੇਅਰ ਅਰੁਣ ਸੂਦ ਵੀਰਵਾਰ ਨੂੰ ਸ਼ਾਮ 4 ਵਜੇ ਕਾਗਜ਼ਾਂ ਦੇ ਚਾਰ ਸੈੱਟ ਭਰਨ ਲਈ ਪਾਰਟੀ ਦਫਤਰ ਪਹੁੰਚੇ। ਇਸ ਮੌਕੇ ਸੰਜੇ ਟੰਡਨ, ਮੇਅਰ ਰਾਜਬਾਲਾ ਮਲਿਕ, ਸਾਬਕਾ ਮੇਅਰ ਆਸ਼ਾ ਜਸਵਾਲ ਸਮੇਤ ਹੋਰ ਬਹੁਤ ਸਾਰੇ ਪਾਰਟੀ ਦੇ ਸਿਆਸਤਦਾਨ ਤੇ ਵਰਕਰ ਹਾਜ਼ਰ ਸਨ। ਪ੍ਰਧਾਨ ਦੀ ਚੋਣ ਲਈ 39 ਮੈਂਬਰਾਂ ਸੂਦ ਦੇ ਨਾਂ 'ਤੇ ਆਪਣੀ ਸਹਿਮਤੀ ਵਾਲੇ ਕਾਗਜ਼ਾਂ 'ਤੇ ਦਸਤਖਤ ਕਰ ਕੇ ਪਾਰਟੀ ਦੇ ਕੌਮੀ ਸਕੱਤਰ ਸੱਤਿਆ ਕੁਮਾਰ ਕੋਲ ਕਾਗਜ਼ ਭੇਜ ਦਿੱਤੇ ਹਨ। ਕਾਬਿਲੇ ਜ਼ਿਕਰ ਹੈ ਕਿ ਚੰਡੀਗੜ੍ਹ ਭਾਜਪਾ ਚਾਹੁੰਦੀ ਸੀ ਕਿ ਪ੍ਰਧਾਨ ਦੇ ਲਈ ਸੂਦ ਤੋ ਇਲਾਵਾ ਹੋਰ ਕੋਈ ਵੀ ਸਿਆਸਤਦਾਨ ਕਾਗਜ਼ ਨਾ ਭਰੇ ਤਾਂ ਕਿ ਪਾਰਟੀ ਦੇ ਇਕਜੁੱਟ ਹੋਣਾ ਦਾ ਸਨੇਹਾ ਦਿੱਤਾ ਜਾ ਸਕੇ। ਇਸ ਤੋਂ ਪਹਿਲਾਂ ਜੈਨ ਧੜੇ ਵੱਲੋਂ ਪ੍ਰਧਾਨ ਅਹੁਦੇ ਲਈ ਸਾਬਕਾ ਮੇਅਰ ਦਿਵੇਸ਼ ਮੋਦਗਿੱਲ ਦਾ ਨਾਂ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਰੱਖਿਆ ਸੀ। ਜੇ ਸੂਦ ਦੀ ਗੱਲ ਕੀਤੀ ਜਾਵੇ ਤਾਂ ਉਹ ਭਾਜਪਾ ਦੀ ਕਾਰਜਕਾਰਨੀ ਦੇ ਚੇਅਰਮੈਨ ਜੇਪੀ ਨੱਢਾ ਦੇ ਬਹੁਤ ਨਜ਼ਦੀਕ ਮੰਨੇ ਜਾਂਦੇ ਹਨ। ਸਾਲ 2016 ਵਿਚ ਅਰੁਣ ਸੂਦ ਨੂੰ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਬਣਾਉਣ 'ਚ ਜੇਪੀ ਨੱਡਾ ਦੀ ਮੁੱਖ ਭੁਮਿਕਾ ਸੀ। ਇਸ ਤੋਂ ਇਲਾਵਾ ਸੂਦ ਨੂੰ ਪਾਰਟੀ ਪਧਾਨ ਬਣਾਉਣਾ 'ਚ ਸੰਜੇ ਟੰਡਨ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੂੰ ਸੰਜੇ ਟੰਡਨ ਦੇ ਬਹੁਤ ਕਰੀਬੀ ਮੰਨਿਆ ਜਾਂਦਾ ਹੈ। ਜਿਸ ਸਮੇਂ ਪਾਰਟੀ ਵੱਲੋਂ ਪ੍ਰਧਾਨ ਅਹੁਦੇ ਲਈ ਵਿਅਕਤੀਆਂ ਦੇ ਨਾਂ ਮੰਗੇ ਸੀ ਤਾਂ ਟੰਡਨ ਨੇ ਸੂਦ ਦੇ ਨਾਂ ਦੀ ਸਿਫਾਰਸ਼ ਕੀਤੀ ਸੀ। ਇਸਤੋਂ ਇਲਾਵਾ ਸੰਸਦ ਮੈਂਬਰ ਕਿਰਨ ਖੇਰ ਵੀ ਦਿਵੇਸ਼ ਮੋਦਗਿੱਲ ਦੀ ਜਗ੍ਹਾ ਸੂਦ ਨੂੰ ਪ੍ਰਧਾਨ ਬਣਾਉਣ ਦੀ ਸਹਿਮਤੀ ਦਿੱਤੀ ਸੀ। ਹਰਿਆਣਾ ਦੇ ਮੱੁਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਵੀ ਪ੍ਰਧਾਨ ਬਣਾਉਣ ਲਈ ਅਰੁਣ ਸੂਦ ਦੇ ਨਾਂ ਦੀ ਹੀ ਸ਼ਿਫਾਰਸ਼ ਕੀਤੀ ਸੀ। ਇਸ ਮੌਕੇ ਸੰਜੇ ਟੰਡਨ ਨੇ ਰਾਸ਼ਟਰੀ ਕੌਂਸਲ ਦਾ ਮੈਂਬਰ ਬਣਨ ਲਈ ਕਾਗਜ਼ ਦਾਖਲ ਕੀਤੇ। ਟੰਡਨ ਤੋਂ ਇਲਾਵਾ ਹੋਰ ਕਿਸੇ ਵੀ ਸਿਆਸਤਦਾਨ ਨੇ ਰਾਸ਼ਟਰੀ ਕੌਂਸਲ ਦਾ ਮੈਂਬਰ ਬਣਨ ਲਈ ਕਾਗਜ਼ ਨਹੀਂ ਭਰੇ। ਜਿਸ ਕਾਰਨ ਟੰਡਨ ਦਾ ਰਾਸ਼ਟਰੀ ਕੌਂਸਲ ਦਾ ਮੈਂਬਰ ਬਣਨਾ ਤੈਅ ਹੈ।

ਕੌਣ ਹੈ ਅਰੁਣ ਸੂਦ

ਅਰੁਣ ਸੂਦ ਮੂਲ ਰੂਪ ਵਿਚ ਪੰਜਾਬ ਦੇ ਮੋਗਾ ਦੇ ਵਸਨੀਕ ਹਨ। 1992 ਵਿਚ ਉਹ ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਕਾਲਜ ਵਿਚ ਪੜ੍ਹਦੇ ਸਨ। ਸੈਕਟਰ-37 ਦੇ ਰਿਹਾਇਸ਼ੀ ਅਰੁਣ ਸੂਦ ਵਾਰਡ ਨੰਬਰ-8 ਤੋਂ ਦੂਜੀ ਵਾਰ ਕੌਂਸਲਰ ਬਣੇ ਹਨ। ਸੂਦ ਦੀ ਪਤਨੀ ਅੰਬਿਕਾ ਸੂਦ ਨੂੰ ਪੰਜਾਬ ਸਰਕਾਰ ਦੀ ਤਰਫੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਡਿਪਟੀ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਬਾਰ ਇਕ ਕੌਂਸਲਰ ਰਹਿ ਚੁੱਕੇ ਹਨ। 1993 ਤੋਂ 1996 ਤਕ ਸੂਦ ਨੇ ਏਬੀਵੀਪੀ ਨਾਲ ਜੁੜ ਕੇ ਅੰਮਿ੍ਤਸਰ 'ਚ ਕੰਮ ਕੀਤੇ। ਜਿਸ ਮਗਰੋਂ ਉਹ 2000 ਤੋਂ 2003 ਤਕ ਪੰਜਾਬ ਯੁਵਾ ਮੋਰਚੇ ਦੇ ਜਨਰਲ ਸਕੱਤਰ ਰਹੇ।

ਸਾਲ 2016 'ਚ ਮੇਅਰ ਬਣੇ ਸੀ ਸੂਦ

ਜੇ ਅਰੁਣ ਸੂਦ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਪਾਰਟੀ ਦੇ ਪਰਾਣੇ ਸਿਆਸਤਦਾਨਾਂ ਵਿੱਚੋ ਇਕ ਹਨ। ਸਾਲ 2016 ਸੂਦ ਨੇ 15 ਸਾਲਾਂ ਦੇ ਲੰਬੇ ਸਮੇਂ ਬਾਅਦ ਮੇਅਰ ਦੀ ਕੁਰਸੀ 'ਤੇ ਕਬਜ਼ਾ ਕੀਤੀ ਸੀ। ਉਨ੍ਹਾਂ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਨੂੰ ਖੁੱਲੇ ਵਿਚ ਹਾਜਤ ਮੁਕਤ ਸ਼ਹਿਰ ਬਣਾਉਣ ਲਈ ਪੁਰਸਕਾਰ ਵੀ ਦਿੱਤਾ ਸੀ। ਇਸ ਤੋਂ ਇਲਾਵਾ ਸੂਦ ਇਕ ਨਿਯਮਤ ਖੁਨਦਾਨੀ ਵੀ ਹਨ ਅਤੇ ਹੁਣ ਤਕ ਲਗਭਗ 50 ਵਾਰੀ ਖੂਨਦਾਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਸੂਦ ਨੇ ਨੈਸ਼ਨਲ ਏਅਰ ਰਾਈਫਲ ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਦੂਜਾ ਸਥਾਨ ਵੀ ਪ੍ਰਰਾਪਤ ਕੀਤਾ ਹੋਇਆ ਹੈ। ਸ਼ਹਿਰ ਨੂੰ ਵਾਧੂ ਪਾਣੀ ਦੇਣ ਲਈ ਕਾਜੌਲੀ ਵਾਟਰ ਵਾਰਕਸ ਦੇ ਚੌਥੇ ਅਤੇ ਪੰਜਵੇਂ ਪੜਾਅ ਦਾ ਕੰਮ ਵੀ ਸੂਦ ਨੇ ਮੇਅਰ ਰਹਿੰਦੇ ਹੀ ਸ਼ੁਰੂ ਕਰਵਾਇਆ ਸੀ।