ਅੰਕੁਰ,ਚੰਡੀਗੜ੍ਹ : ਪ੍ਰਾਪਰਟੀ ਡੀਲਰ ਰਾਜਵੀਰ ਉਰਫ਼ ਸੋਨੂੰ ਸ਼ਾਹ ਦੀ ਹੱਤਿਆ ਦੇ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ੀ ਲਈ ਪੇਸ਼ ਕੀਤਾ ਜਾ ਸਕਦਾ ਹੈ। ਇਸ ਮਾਮਲੇ 'ਚ ਪੁਲਿਸ ਨੇ ਲਾਰੇਂਸ ਸਮੇਤ ਕੁੱਲ 7 ਮੁਲਜਮਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। 28 ਸਤੰਬਰ, 2019 ਨੂੰ ਸੈਕਟਰ-45 ਦੇ ਬੁੜੈਲ ਸਥਿਤ ਆਪਣੇ ਦਫ਼ਤਰ ਵਿੱਚ ਪ੍ਰਾਪਰਟੀ ਡੀਲਰ ਰਾਜਵੀਰ ਉਰਫ਼ ਸੋਨੂੰ ਸ਼ਾਹ ਦੀ ਗੋਲੀਆਂ ਮਾਰਕੇ ਹੱਤਿਆ ਕਰ ਦਿਤੀ ਸੀ। ਹੁਣ ਇਸ ਮਾਮਲੇ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜੈਬੀਰ ਸਿੰਘ ਦੀ ਅਦਾਲਤ ਨੇ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਨੂੰ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ ਹਨ।ਅਦਾਲਤ ਨੇ ਇਹ ਵੀ ਕਿਹਾ ਹੈ ਕਿ ਅਗਲੀ ਤਰੀਕ 'ਤੇ ਲਾਰੇਂਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਜਾਵੇ। ਜੇਕਰ ਉਸ ਨੂੰ ਪੇਸ਼ ਨਹੀਂ ਕੀਤਾ ਜਾਂਦਾ ਤਾਂ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਜਾਂ ਕਿਸੇ ਸਬੰਧਤ ਅਧਿਕਾਰੀ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਕਾਰਨ ਦੱਸਣਾ ਹੋਵੇਗਾ। ਇਸ ਤੋਂ ਪਹਿਲਾਂ ਵੀ ਬਿਸ਼ਨੋਈ ਨੂੰ ਪੇਸ਼ ਕਰਨ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ। ਹੁਣ ਮਾਮਲੇ ਦੀ ਸੁਣਵਾਈ 10 ਫਰਵਰੀ ਨੂੰ ਹੋਵੇਗੀ। ਇਸੇ ਮਾਮਲੇ ਵਿੱਚ ਅੱਜ ਤੱਕ ਪੁਲਿਸ ਲਾਰੈਂਸ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਨਹੀਂ ਕਰ ਸਕੀ। ਸੋਨੂੰ ਸ਼ਾਹ ਦੇ ਕਤਲ ਤੋਂ ਬਾਅਦ ਲਾਰੇਂਸ ਬਿਸ਼ਨੋਈ ਨੇ ਇੰਟਰਨੈੱਟ ਮੀਡੀਆ 'ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਸਮੇਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ।
ਸੋਨੂੰ ਸ਼ਾਹ ਕਤਲ ਕੇਸ ਵਿੱਚ ਲਾਰੇਂਸ ਬਿਸ਼ਨੋਈ ਸਮੇਤ ਸੱਤ ਮੁਲਜ਼ਮਾਂ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਆਦਾਤਰ ਮੁਲਜ਼ਮ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ, ਜਿਸ ਕਾਰਨ ਕੇਸ ਦੀ ਸੁਣਵਾਈ ਵਿੱਚ ਦੇਰੀ ਹੋ ਰਹੀ ਹੈ। ਇਸ ਮਾਮਲੇ ਵਿੱਚ ਲਾਰੈਂਸ ਤੋਂ ਇਲਾਵਾ ਧਰਮਿੰਦਰ ਸਿੰਘ, ਸ਼ੁਭਮ, ਮਨਜੀਤ, ਅਭਿਸ਼ੇਕ ਉਰਫ ਬੰਟੀ, ਰਾਜੂ ਬਸੋਦੀ ਅਤੇ ਰਾਜਨ ਉਰਫ ਜਾਟ ਮੁਲਜ਼ਮ ਹਨ।
Posted By: Jagjit Singh