ਜੇਐੱਨਐੱਨ, ਚੰਡੀਗੜ੍ਹ : ਝੁਰੀਵਾਲਾ 'ਚ ਸਾਲਿਡ ਮੈਨੇਜਮੈਂਟ ਪਲਾਂਟ ਸ਼ੁਰੂ ਹੋਣ ਤਕ ਕੂੜਾ ਸੁੱਟਣ 'ਤੇ ਰੋਕ ਲਾਉਣ ਦੀ ਮੰਗ 'ਤੇ ਪੰਜਾਬ-ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਤੋਂ ਜਵਾਬ ਮੰਗ ਲਿਆ ਹੈ। ਪਟੀਸ਼ਨ ਦਾਖ਼ਲ ਕਰਦੇ ਹੋਏ ਸਿਟੀਜ਼ਨ ਕਮੇਟੀ ਹਾਊਸ ਆਨਰਜ਼ ਵੱਲੋਂ ਦੱਸਿਆ ਗਿਆ ਕਿ ਪੂਰੇ ਪੰਚਕੂਲਾ ਦਾ ਕੂੜਾ ਝੁਰੀਵਾਲਾ 'ਚ ਲਿਆ ਕੇ ਸੁੱਟਿਆ ਜਾ ਰਿਹਾ ਹੈ। ਮੰਗ ਕਰਤਿਆਂ ਨੇ ਕਿਹਾ ਕਿ ਪਲਾਂਟ ਲਈ ਹਾਲੇ ਤਕ ਕਈ ਮਨਜ਼ੂਰੀਆਂ ਤਕ ਨਹੀਂ ਲਈਆਂ ਗਈਆਂ ਹਨ। ਨਿਯਮਾਂ ਅਨੁਸਾਰ ਕੂੜਾ ਸੁੱਟਣ ਦੀ ਥਾਂ ਆਬਾਦੀ ਤੋਂ ਘੱਟ ਤੋਂ ਘੱਟ ਦੋ ਕਿਲੋਮੀਟਰ ਦੂਰ ਹੋਣੀ ਚਾਹੀਦੀ ਹੈ, ਪਰ ਝੁਰੀਵਾਲਾ ਆਬਾਦੀ ਦੇ ਬਹੁਤ ਨੇੜੇ ਹੈ। ਪਲਾਂਟ ਸਥਾਪਿਤ ਕਰਨ ਲਈ ਵਾਤਾਵਰਨ ਕਲੀਅਰੈਂਸ ਜ਼ਰੂਰੀ ਹੈ ਤੇ ਹਾਲੇ ਤਕ ਇਹ ਕਲੀਅਰੈਂਸ ਨਹੀਂ ਲਈ ਗਈ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਇਹ ਕੂੜਾ ਵਣ ਖੇਤਰ 'ਚ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਵਾਤਾਵਰਨ 'ਤੇ ਬੁਰਾ ਅਸਰ ਹੋ ਰਿਹਾ ਹੈ। ਪਟੀਸ਼ਨਕਰਤਾ ਨੇ ਦੱਸਿਆ ਕਿ ਇਸ ਖੇਤਰ ਦਾ ਭੂ-ਜਲ ਲਗਾਤਾਰ ਗੰਦਲਾ ਹੰੁਦਾ ਜਾ ਰਿਹਾ ਹੈ ਤੇ ਅਜਿਹੇ 'ਚ ਇਸ ਦੇ ਅਧਿਐਨ ਲਈ ਸੋਧ ਦੀ ਲੋੜ ਹੈ। ਪਟੀਸ਼ਨ 'ਚ ਅਪੀਲ ਕੀਤੀ ਗਈ ਹੈ ਕਿ ਵਣ ਖੇਤਰ 'ਚ ਕੂੜਾ ਸੁੱਟਣ ਲਈ ਜ਼ਿੰਮੇਵਾਰ ਲੋਕਾਂ 'ਤੇ ਜੁਰਮਾਨਾ ਲਗਾਇਆ ਜਾਵੇ। ਪਟੀਸ਼ਨਕਰਤਾ ਨੇ ਦੱਸਿਆ ਕਿ ਇਸ ਪਲਾਂਟ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਜਦੋਂ ਤਕ ਸਾਰੀਆਂ ਮਨਜ਼ੂਰੀਆਂ ਨਹੀਂ ਲਈਆਂ ਜਾਂਦੀਆਂ ਤਦ ਤਕ ਪਲਾਂਟ ਨਹੀਂ ਲਾਇਆ ਜਾਵੇਗਾ। ਹਾਲੇ ਤਕ ਮਨਜ਼ੂਰੀਆਂ ਨਹੀਂ ਲਈਆਂ ਗਈਆਂ ਹਨ ਤੇ ਕੂੜਾ ਲਗਾਤਾਰ ਸੁੱਟਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਸਥਾਨਕ ਐੱਮਐੱਲਏ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਹੈ ਕਿ ਇਸ ਥਾਂ 'ਤੇ ਪਲਾਂਟ ਨਾ ਲਾਇਆ ਜਾਵੇ ਤੇ ਕਿਸੇ ਹੋਰ ਥਾਂ ਦੀ ਚੋਣ ਕੀਤੀ ਜਾਵੇ।